ਗਰੈਂਡਸਲੈਮ ਟੂਰਨਾਮੈਂਟ ਜਿੱਤਣਾ ਚਾਹੁੰਦੀ ਹੈ ਸਾਨੀਆ ਮਿਰਜ਼ਾ


ਨਵੀਂ ਦਿੱਲੀ, 17 ਅਗੱਸਤ: ਸਾਨੀਆ ਮਿਰਜ਼ਾ ਦਾ ਉਲੰਪਿਕ ਤਮਗ਼ਾ ਜਿੱਤਣ ਦਾ ਸਪਨਾ ਭਾਂਵੇ ਪੂਰਾ ਨਾ ਹੋਇਆ ਹੋਵੇ ਪਰ ਇਹ ਤਜੁਰਬੇਕਾਰ ਭਾਰਤੀ ਟੈਨਿਸ ਖਿਡਾਰੀ ਇਸ ਤੋਂ ਪ੍ਰੇਸ਼ਾਨ ਨਹੀਂ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਅਪਣਾ ਕੈਰੀਅਰ ਖ਼ਤਮ ਕਰਨ ਤੋਂ ਪਹਿਲਾਂ ਇਕ ਜਾਂ ਦੋ ਗਰੈਂਡਸਲੈਮ ਖ਼ਿਤਾਬ ਹੋਰ ਜਿੱਤਣਾ ਚਾਹੁੰਦੀ ਹੈ । ਉਲੰਪਿਕ ਤੋਂ ਬਾਅਦ ਸਾਨੀਆ ਦੇ ਕੈਰੀਅਰ ਵਿਚ ਕੁੱਝ ਬਦਲਾਅ ਹੋਣਾ ਜ਼ਰੂਰੀ ਹੈ ਕਿਉਂਕਿ ਹੁਣ ਉਹ ਡਬਲਿਯੂ.ਟੀ.ਏ. ਟੂਰ ’ਤੇ ਸਿੰਗਲ ਮੁਕਾਬਲਿਆਂ ਵਿਚ ਨਹੀਂ ਖੇਡੇਗੀ ਅਤੇ ਸਿਰਫ਼ ਮੁਕਾਬਲਿਆਂ ਉ¤ਤੇ ਧਿਆਨ ਕੇਂਦਰਿਤ ਕਰੇਗੀ। ਮਹੇਸ਼ ਭੂਪਤੀ ਨਾਲ ਸਾਨੀਆ ਦੀ ਗਰੈਂਡਸਲੈਮ ਜਿੱਤਣ ਵਾਲੀ ਜੋੜੀ ਵੀ ਸ਼ੱਕ ਦੇ ਘੇਰੇ ਵਿਚ ਹੈ ਕਿਉਂਕਿ ਦੋਹਾਂ ਨੇ ਹੁਣ ਤਕ ਇਸ ਜੋੜੀ ਨੂੰ ਬਰਕਰਾਰ ਰੱਖਣ ਬਾਰੇ ਗੱਲ ਨਹੀਂ ਕੀਤੀ ਹੈ। ਨਿਊਯਾਰਕ ਵਿਚ ਹਾਲਾਂਕਿ ਜਦੋਂ ਕੁੱਝ ਦਿਨ ਬਾਅਦ ਅਮਰੀਕੀ ਓਪਨ ਸ਼ੁਰੂ ਹੋਵੇਗਾ ਤਾਂ ਸਾਨੂੰ ਪਤਾ ਚੱਲ ਜਾਵੇਗਾ ਕਿ ਸਾਨੀਆ ਅਤੇ ਮਹੇਸ਼ ਦੀ ਜੋੜੀ ਬਰਕਰਾਰ ਹੈ ਜਾਂ ਨਹੀਂ। ਉਲੰਪਿਕ ਤੋਂ ਪਹਿਲਾਂ ਚੋਣ ਵਿਵਾਦ ਨੂੰ ਲੈ ਕੇ ਇਸ ਜੋੜੀ ਵਿਚ ਮੱਤਭੇਦ ਉਭਰੇ ਹਨ । ਅਸੀ ਸਾਨੀਆ ਨਾਲ ਉਲੰਪਿਕ  ਤੋਂ ਬਾਅਦ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਗੱਲ ਕੀਤੀ।  ਪੇਸ਼ ਹਨ ਉਨ੍ਹਾਂ ਨਾਲ ਕੀਤੀ ਮੁਲਾਕਾਤ ਦੇ ਮੁੱਖ ਅੰਸ਼ :-
ਸਵਾਲ:  ਚੰਗੇ ਪ੍ਰਦਰਸ਼ਨ ਦੇ ਬਾਵਜੂਦ ਲੰਦਨ ਖੇਡਾਂ ਦੇ ਕੁਆਰਟਰ ਫ਼ਾਈਨਲ ਵਿਚ ਹਾਰ ਨਾਲ ਯਕੀਨੀ ਤੌਰ ’ਤੇ ਤੁਹਾਡਾ ਦਿਲ ਟੁੱਟ ਗਿਆ ਹੋਵੇਗਾ?
ਜਵਾਬ: ਕਿਸੇ ਵੱਡੇ ਟੂਰਨਾਮੈਂਟ ਵਿਚ ਹਾਰ ਪਹਿਲੇ ਗੇੜ ਵਿਚ ਹੋਵੇ ਜਾਂ ਫ਼ਾਈਨਲ ਵਿਚ, ਇਹ ਹਮੇਸ਼ਾ ਨਿਰਾਸ਼ਾਜਨਕ ਹੁੰਦੀ ਹੈ ।ਪਰ ਇਕ ਖਿਡਾਰੀ ਦੇ ਰੂਪ ਵਿਚ ਸਾਨੂੰ ਵਾਪਸੀ ਕਰਨਾ ਸਿਖਣਾ ਹੁੰਦਾ ਹੈ ਅਤੇ ਅਗਲੀ ਚੁਣੌਤੀ ਲਈ ਤਿਆਰੀ ਹੋਣਾ ਪੈਂਦਾ ਹੈ।
ਸਵਾਲ : ਤੁਸੀ ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡ, ਐਫ਼ਰੋ ਏਸ਼ੀਆਈ ਖੇਡ ਵਿਚ ਤਮਗ਼ੇ ਜਿੱਤੇ ਹਨ ਪਰ ਉ¦ਪਿਕ ਵਿਚ ਤਮਗ਼ਾ ਨਹੀਂ ਮਿਲ ਸਕਿਆ ।  ਤੁਹਾਨੂੰ ਲੱਗਦਾ ਹੈ ਕਿ ਰੀਓ ਡੀ ਜਿਨੇਰਓ ਵਿਚ ਇਕ ਵਾਰ ਫਿਰ ਕੋਸ਼ਿਸ਼ ਕੀਤੀ ਜਾ ਸਕਦੀ ਹੈ?
ਜਵਾਬ: ਦੇਸ਼ ਲਈ ਖੇਡਣ ਵਿਚ ਮੈਨੂੰ ਹਮੇਸ਼ਾ ਮਾਣ ਮਹਿਸੂਸ ਹੁੰਦਾ ਹੈ । ਉਲੰਪਿਕ ਵਿਚ ਜਾਂ ਹੋਰ ਖੇਡਾਂ ਵਿਚ ਮੈਂ ਅਪਣੇ ਵਲੋਂ ਪੂਰੀ ਕੋਸ਼ਿਸ਼ ਕੀਤੀ। ਜੇਕਰ ਮੈਂ ਉਲੰਪਿਕ ਦਾ ਹਿੱਸਾ ਨਾ ਹੁੰਦੀ ਤਾਂ ਅਧੂਰਾ ਮਹਿਸੂਸ ਕਰਦੀ। ਉਲੰਪਿਕ ਮੇਰੇ ਲਈ ਭਾਈਚਾਰੇ ਅਤੇ ਦੁਨੀਆ ਭਰ ਦੇ ਖਿਡਾਰੀਆਂ ਵਿਚਕਾਰ ਸਹਿਚਾਰ ਦਾ ਅਨੋਖਾ ਅਨੁਭਵ ਰਿਹਾ । ਜਿੱਤ ਹਾਰ ਤਾਂ ਕਿਸਮਤ ਦੀ ਵੀ ਗੱਲ ਹੈ। ਰੋਜ਼ਰ ਫ਼ੈਡਰਰ ਟੈਨਿਸ ਦਾ ਬਾਦਸ਼ਾਹ ਹੈ ਪਰ ਕਦੇ ਸਿੰਗਲਜ਼ ਦਾ ਸੋਨ ਤਮਗ਼ਾ ਨਹੀਂ ਜਿੱਤ ਸਕੇ ਅਤੇ ਨਾ ਹੀ ਪੀਟ ਸਾਂਪ੍ਰਾਸ । ਟੈਨਿਸ ਖਿਡਾਰੀਆਂ ਨੂੰ ਹਰ ਚਾਰ ਮਹੀਨੇ ਵਿਚ ਗਰੈਂਡਸਲੈਮ ਰਾਹੀਂ ਅਪਣੀ ਪ੍ਰਤਿਭਾ ਪੇਸ਼ ਕਰਨ ਦਾ ਮੌਕਾ ਮਿਲਦਾ ਹੈ।
ਸਵਾਲ: ਉਲੰਪਿਕ ਹਰ ਖਿਡਾਰੀ ਦਾ ਵੱਡਾ ਸੁਪਨਾ ਹੁੰਦਾ ਹੈ। ਤੁਹਾਡਾ ਅਗਲਾ ਨਿਸ਼ਾਨਾ ਕੀ ਹੈ ਅਤੇ ਤੁਹਾਨੂੰ ਕੀ ਪ੍ਰੇਰਿਤ ਕਰਦਾ ਹੈ?
ਜਵਾਬ: ਟੈਨਿਸ ਮੇਰਾ ਜਨੂੰਨ ਹੈ ਅਤੇ ਮੈਨੂੰ ਖੇਡ ਦਾ ਦਬਾਅ ਬਹੁਤ ਪਸੰਦ ਹੈ। ਮੈਂ ਅਪਣੀ ਰੈਂਕਿੰਗ ਸੁਧਾਰਨਾ ਤੇ ਗਰੈਂਡਸਲੈਮ ਜਿੱਤਣਾ ਚਹਾਂਗੀ। ਟੂਰਨਾਮੈਂਟ ਖੇਡਦੇ ਸਮੇਂ ਤਿਰੰਗਾ ਲਹਿਰਾਉਂਦਾ ਵੇਖਣਾ ਕਿਸੇ ਵੀ ਭਾਰਤੀ ਲਈ ਫ਼ਖ਼ਰ ਦੀ ਗੱਲ ਹੁੰਦੀ ਹੈ ਅਤੇ ਪ੍ਰੇਰਨਾ ਵੀ।
ਸਵਾਲ: ਕੀ ਤੁਹਾਨੂੰ ਬਰਾਜ਼ੀਲ ਵਿਚ ਅਗਲੀ ਉਲੰਪਿਕ ਖੇਡਣ ਦੀ ਉਮੀਦ ਹੈ? 
ਜਵਾਬ: ਟੈਨਿਸ ਖਿਡਾਰੀ ਲਈ ਚਾਰ ਸਾਲ ਬਹੁਤ ਲੰਮਾ ਸਮਾਂ ਹੈ। ਉਸ ਲਈ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
ਸਵਾਲ: ਲਿਏਂਡਰ ਪੇਸ ਨੇ ਕਿਹਾ ਹੈ ਕਿ ਤੁਹਾਡੇ ਨਾਲ ਖੇਡਣ ਵਿਚ ਉਨ੍ਹਾਂ ਨੂੰ ਬਹੁਤ ਮਜ਼ਾ ਆਇਆ। ਤੁਹਾਡਾ ਅਨੁਭਵ ਕਿਵੇਂ ਦਾ ਰਿਹਾ?
ਜਵਾਬ: ਲਿਏਂਡਰ ਬਹੁਤ ਤਜੁਰਬੇਕਾਰ ਡਬਲਜ਼ ਖਿਡਾਰੀ ਹੈ ਅਤੇ ਉਨ੍ਹਾਂ ਨਾਲ ਖੇਡਣਾ ਮਜ਼ੇਦਾਰ ਰਿਹਾ।
ਸਵਾਲ: ਤੁਹਾਨੂੰ ਲੱਗਦਾ ਹੈ ਕਿ ਤੁਸੀ ਮਹੇਸ਼ ਭੂਪਤੀ ਨਾਲ ਬਿਹਤਰ ਖੇਡਦੇ ਜਾਂ ਤਮਗ਼ੇ ਜਿੱਤ ਸਕਦੇ ਸੀ? 
ਜਵਾਬ: ਹੁਣ ਇਨ੍ਹਾਂ ਸੱਭ ਸਵਾਲਾਂ ਦੇ ਕੋਈ ਮਾਅਨੇ ਨਹੀਂ ਹਨ ਅਤੇ ਇਸ ਲਈ ਹੁਣ ਬਹੁਤ ਦੇਰ ਵੀ ਹੋ ਚੁੱਕੀ ਹੈ।
ਸਵਾਲ: ਤੁਸੀ ਟੂਰ ਉ¤ਤੇ ਭੂਪਤੀ ਨਾਲ ਹੀ ਖੇਡਦੇ ਰਹੋਗੇ?
ਜਵਾਬ: ਅਜੇ ਮੈਂ ਇਸ ਬਾਰੇ ਸੋਚਿਆ ਨਹੀਂ ਹੈ।        (ਏਜੰਸੀ)