ਬਾਦਲ ਵਲੋਂ ਭਾਰਤ ਬੰਦ ਦਾ ਸਮਰਥਨ

 


ਜਲੰਧਰ, 16 ਸਤੰਬਰ (ਪਰਦੀਪ ਸਿੰਘ) : ਕੇਂਦਰ ਦੀ ਯੂ.ਪੀ.ਏ. ਸਰਕਾਰ ਵਲੋਂ ਪ੍ਰਚੂਨ ਖੇਤਰ ਵਿਚ ਵਿਦੇਸ਼ੀ ਕੰਪਨੀਆਂ ਦੇ ਸਿੱਧੇ ਨਿਵੇਸ਼ ਸਬੰਧੀ ਲਏ ਗਏ ਫ਼ੈਸਲੇ ਵਿਰੁਧ ਵਿਰੋਧੀ ਪਾਰਟੀਆਂ ਵਲੋਂ ਦਿਤੇ ਗਏ ਭਾਰਤ ਬੰਦ ਦੇ ਸੱਦੇ ਦਾ ਸ਼੍ਰੋਮਣੀ ਅਕਾਲੀ ਦਲ ਵਲੋਂ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੋਂ ਥੋੜੀ ਦੂਰ ਪੈਂਦੇ ਜਲੰਧਰ-ਫਗਵਾੜਾ ਹੱਦ ਨੇੜੇ ਇਕ ਸਥਾਨ ’ਤੇ ਕਰਵਾਏ ਗਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸਮਾਗਮ ਵਿਚ ਉਦੋਂ ਸਥਿਤੀ ਦਿਲਚਸਪ ਬਣ ਗਈ ਜਦ ਪ੍ਰਸਿੱਧ ਪੰਜਾਬੀ ਗਾਇਕ ਹੰਸ ਰਾਜ ਹੰਸ ਵਲੋਂ ਕਾਂਗਰਸ ਦੀ ਸੀਨੀਅਰ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਸ. ਬਾਦਲ ਦੀ ਭੈਣ ਕਹਿਣ ’ਤੇ ਬੀਬੀ ਭੱਠਲ ਨੇ ਇਤਰਾਜ਼ ਪ੍ਰਗਟਾਇਆ। ਸਮਾਗਮ ਦੌਰਾਨ ਅਪਣੇ ਸੰਬੋਧਨ ਵਿਚ ਬੀਬੀ ਭੱਠਲ ਨੇ ਅਪਣੇ ਵਿਚਾਰ ਪ੍ਰਗਟ ਕਰਦਿਆਂ ਸ: ਬਾਦਲ ਦੀ ਕਾਰਜਪ੍ਰਣਾਲੀ ਦੀ ਕੁੱਝ ਆਲੋਚਨਾ ਕੀਤੀ ਤੇ ਕਿਹਾ ਕਿ ਸ. ਬਾਦਲ ਮੈਨੂੰ ਭੈਣ ਵਜੋਂ ਵਡਿਆਈ ਦੇਣ ਦੀ ਇਹੋ ਜਿਹੀ ਗੱਲ ਕਈ ਵਾਰ ਕਹਿ ਚੁੱਕੇ ਹਨ ਪਰ ਉਹ ਕਿਹੋ ਜਿਹੇ ਮੇਰੇ ਭਰਾ ਹਨ ਜਿਨ੍ਹਾਂ ਨੇ ਕਈ ਵਰ੍ਹੇ ਮੈਨੂੰ ਅਦਾਲਤੀ ਚੱਕਰਾਂ ਵਿਚ ਹੀ ਪਾ ਕੇ ਬੇਹੱਦ ਪ੍ਰੇਸ਼ਾਨ ਕਰੀ ਰਖਿਆ। ਦੂਜੇ ਪਾਸੇ ਪੱਤਰਕਾਰ ਸੰਮੇਲਨ ਦੌਰਾਨ ਮੁੱਖ ਮੰਤਰੀ ਸ. ਬਾਦਲ ਨੇ ਪ੍ਰਚੂਨ ਖੇਤਰ ਵਿਚ ਵਿਦੇਸ਼ੀ ਕੰਪਨੀਆਂ ਦੇ ਸਿੱਧੇ ਨਿਵੇਸ਼ ਦੇ ਕੇਂਦਰ ਸਰਕਾਰ ਵਲੋਂ ਲਏ ਗਏ ਫ਼ੈਸਲੇ ਬਾਰੇ ਆਲੋਚਨਾ ਨੂੰ ਜਾਰੀ ਰਖਦਿਆਂ ਕਿਹਾ ਕਿ ਇਹ ਫ਼ੈਸਲਾ ਛੋਟੇ ਦੁਕਾਨਦਾਰਾਂ ਅਤੇ ਦੇਸ਼ ਦੇ ਹਿਤ ਵਿਚ ਨਹੀਂ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਮਹੱਤਵਪੂਰਨ ਰਾਜਨੀਤਕ ਪਾਰਟੀ ਹੁੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਵਲੋਂ ਲਏ ਗਏ ਇਸ ਲੋਕ ਵਿਰੋਧੀ ਫ਼ੈਸਲੇ ਨੂੰ ਬਰਦਾਸ਼ਤ ਨਹੀਂ ਕਰੇਗਾ, ਇਸ ਕਰ ਕੇ ਵਿਰੋਧੀ ਪਾਰਟੀਆਂ ਵਲੋਂ ਦਿਤੇ ਗਏ ਭਾਰਤ ਬੰਦ ਦੇ ਸੱਦੇ ਦਾ ਦਿਲੋਂ ਸਮਰਥਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂ.ਪੀ.ਏ. ਦੀਆਂ ਭਾਈਵਾਲ ਪਾਰਟੀਆਂ ਦੇ  ਪ੍ਰਚੂਨ ਖੇਤਰ ਵਿਚ ਵਿਦੇਸ਼ੀ ਕੰਪਨੀਆਂ ਦੇ ਸਿੱਧਾ ਨਿਵੇਸ਼ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਦੇ ਮੁੱਦੇ ’ਤੇ ਅਪਸੀ ਮਤਭੇਦ ਪੈਦਾ ਹੋਣ ਨਾਲ ਦੇਸ਼ ਵਿਚ ਰਾਜਨੀਤਕ ਐਮਰਜੈਂਸੀ ਵਰਗਾ ਮਾਹੌਲ ਬਣ
ਗਿਆ ਹੈ ਜੋ ਦੇਸ਼ ਦੇ ਹਿਤ ਵਿਚ ਨਹੀਂ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਨਵੇਂ ਟੈਕਸ ਲਗਾਏ ਜਾਣ ਦਾ ਫ਼ੈਸਲਾ, ਕੇਂਦਰ ਸਰਕਾਰ ਵਲੋਂ ਵਿਕਾਸ ਦੇ ਕੰਮਾਂ ਲਈ ਦਿਤੇ ਜਾਣ ਵਾਲੇ ਫ਼ੰਡਾਂ ਲਈ ਜ਼ਰੂਰੀ ਸ਼ਰਤਾਂ ਰੱਖਣ ਕਾਰਨ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਦੀ ਨਿਰੰਤਰਤਾ ਨੂੰ ਬਣਾਈ ਰਖਣ ਲਈ ਪੂਰੀ ਤਰ੍ਹਾਂ ਦਰਿੜ ਹੈ ਅਤੇ ਨਵੇਂ ਟੈਕਸ ਲਗਾਉਣ ਦਾ ਫ਼ੈਸਲਾ ਸਮੇਂ ਦੀ ਲੋੜ ਬਣ ਗਿਆ ਸੀ। ਸ੍ਰੀ ਗੁਲਜ਼ਾਰ ਸਿੰਘ ਰਣੀਕੇ ਵਲੋਂ ਦਿਤੇ ਗਏ ਅਸਤੀਫ਼ੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਰਣੀਕੇ ਵਲੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਨੈਤਿਕਤਾ ਦੇ ਅਧਾਰ ’ਤੇ ਕੀਤਾ ਗਿਆ ਹੈ ਅਤੇ ਇਸ ਮੁੱਦੇ ਨੂੰ ਕਾਨੂੰਨ ਅਪਣੇ ਅਧਾਰ ਤੇ ਨਜਿਠੇਗਾ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਲਈ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਸਾਫ਼ ਸੁਥਰਾ ਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਵਚਨਬਧ ਹੈ। ਇਸ ਤੋਂ ਪਹਿਲਾਂ ਇਸ ਸਮਾਗਮ ਦੌਰਾਨ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਦੇਸ਼ ਵਿਚੋਂ ਗ਼ਰੀਬੀ, ਅਨਪੜ੍ਹਤਾ ਤੇ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ ਇਕਮੁਠ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਸਿਆਸੀ ਲੋਕ ਸੂਬੇ ਦੀ ਭਲਾਈ ਅਤੇ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਇਕੱਠੇ ਹੋਣ ਤਾਂ ਹੀ ਸੂਬਾ ਤਰੱਕੀ ਕਰ ਸਕਦਾ ਹੈ। ਇਸ ਮੌਕੇ ਹਿੰਦ ਸਮਾਚਾਰ ਗਰੁੱਪ ਦੇ ਮੁੱਖ ਸੰਪਾਦਕ ਸ੍ਰੀ ਵਿਜੈ ਚੋਪੜਾ, ਕੈਬਨਿਟ ਮੰਤਰੀ ਸ੍ਰੀ ਸਰਵਣ ਸਿੰਘ ਫਿਲੌਰ, ਮੁੱਖ ਸੰਸਦੀ ਸਕੱਤਰ ਸ੍ਰੀ ਕੇ.ਡੀ. ਭੰਡਾਰੀ, ਸ੍ਰੀ ਸੋਮ ਪ੍ਰਕਾਸ਼, ਸ੍ਰੀ ਪਵਨ ਕੁਮਾਰ ਟੀਨੂੰ, ਸਾਬਕਾ ਮੁੱਖ ਮੰਤਰੀ ਸ੍ਰੀਮਤੀ ਰਾਜਿੰਦਰ ਕੌਰ ਭੱਠਲ, ਸ੍ਰੀ ਮਹਿੰਦਰ ਸਿੰਘ ਕੇ.ਪੀ. ਮੈਂਬਰ ਪਾਰਲੀਮੈਂਟ, ਸ੍ਰੀ ਕਮਲ ਚੌਧਰੀ ਸਾਬਕਾ ਮੈਂਬਰ ਪਾਰਲੀਮੈਂਟ, ਡਾ. ਜੋਗਿੰਦਰ ਦਿਆਲ, ਕਾਮਰੇਡ ਮੰਗਤ ਰਾਮ ਪਾਸਲਾ, ਸ੍ਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਅਲਕਨੰਦਾ ਦਿਆਲ ਅਤੇ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਪ੍ਰਿਯਾਂਕ ਭਾਰਤੀ, ਰਾਜ ਗਾਇਕ ਸ੍ਰੀ ਹੰਸ ਰਾਜ ਹੰਸ, ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ, ਚੌਧਰੀ ਸੰਤੋਖ ਸਿੰਘ, ਸ੍ਰੀ ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ, ਸ੍ਰੀ ਜੈ ਕਿਸ਼ਨ ਸੈਣੀ ਸਾਬਕਾ ਮੰਤਰੀ ਅਤੇ ਹੋਰ ਉਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।