ਰਾਣੀਆਂ, 3 ਸਤੰਬਰ (ਮਲਕੀਤ ਸਿੰਘ/ਕਰਨੈਲ ਸਿੰਘ) : ਜ਼ਿਲ੍ਹਾ ਸਿਰਸਾ ਵਿਚ ਘੱਟ ਗਿਣਤੀ ਕੇਂਦਰਿਤ ਯੋਜਨਾ ਦੇ ਤਹਿਤ ਚਲ ਰਹੇ, ਮਲਟੀ ਸੈਕਟਰਲ ਡਿਵੈਲਪਮੈਂਟ ਪਲਾਟ ਦੇ ਜਰੀਏ ਚਾਰ ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਜੀਵਨ ਨਗਰ ਪਿੰਡ ਵਿਚ ਆਈ ਟੀ ਆਈ ਦੀ ਸਥਾਪਨਾ ਕਰਵਾਈ ਜਾਵੇਗੀ। ਇਹ ਜਾਣਕਾਰੀ ਜ਼ਿਲ੍ਹਾ ਡੀ.ਸੀ. ਜੇ ਗਣੇਸ਼ਨ ਨੇ ਅੱਜ ਅਧਿਕਾਰੀਆਂ ਦੀ ਮੀਟਿੰਗ ਵਿਚ ਦਸੀ। ਇਸ ਮੀਟਿੰਗ ਵਿਚ ਐਸ ਡੀ ਐਮ ਡੱਬਵਾਲੀ ਸੁਭਾਸ਼ ਸਯੋਰਾਣ, ਐਸਡੀਐਮ ਸਿਰਸਾ ਅਮਰਜੀਤ ਸਿੰਘ ਸਣੇ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਉਨ੍ਹਾਂ ਦਸਿਆ ਕਿ ਇਸ ਯੋਜਨਾ ਦੇ ਤਹਿਤ ਜ਼ਿਲ੍ਹੇ ਦੇ ਅਲੱਗ ਅਲੱਗ ਪਿੰਡਾਂ ਲਈ ਸਾਢੇ ਚਾਰ ਕਰੋੜ ਵਿੱਤੀ ਸਾਲ ਲਈ ਯੋਜਨਾ ਦੇ ਤਹਿਤ ਚਾਰ ਬਲਾਕਾਂ-ਰਾਣੀਆਂ, ਡੱਬਵਾਲੀ, ਔਢਾਂ ਤੇ ਬੜਾਗੁੜਾ ਦੇ 70 ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਯੋਜਨਾਵਾਂ ਲਈ ਪ੍ਰੋਜੈਕਟ ਤਿਆਰ ਕਰਨ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਸਿਆ ਕਿ ਇਨ੍ਹਾਂ ਪਿੰਡਾਂ ਤੋਂ ਬਗੈਰ ਚਾਰ ਬਲਾਕਾਂ ਵਿਚ ਜਿਹਾੜੇ ਕੇਂਦਰ ਸਕੀਮ ਤਹਿਤ ਆਉਂਦੇ ਹਨ ਉਨ੍ਹਾਂ ਵਿਚ ਜਲ ਘਰ ਦੀਆਂ ਯੋਜਨਾਵਾਂ ਤਿਆਰ ਕਰਨ ਜਿਸ ਨਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਸਕੇ। ਇਸ ਯੋਜਨਾ ਦੇ ਤਹਿਤ ਅਲੱਗ ਅਲੱਗ ਸਕੀਮਾਂ ਵਿਚ 13 ਕਰੋੜ 13 ਲੱਖ ਰੁਪਏ ਤੋਂ ਜ਼ਿਆਦਾ ਖ਼ਰਚ ਕੀਤਾ ਜਾ ਚੁਕਿਆ ਹੈ। ਜਿਸ ਵਿਚ 1 ਕਰੋੜ 62 ਲੱਖ ਰੁਪਏ ਖ਼ਰਚ ਕਰ ਕੇ 63 ਕਮਰਿਆਂ ਦਾ ਸਕੂਲ ਵਿਚ ਨਿਰਮਾਣ ਕੀਤਾ ਜਾ ਚੁਕਿਆ ਹੈ। ਔਢਾਂ ਵਿਚ ਆਈ ਟੀ ਆਈ ਦੀ ਉਸਾਰੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਕਿ ਇਸ ਯੋਜਨਾ ਦੇ ਤਹਿਤ ਜੋ ਵੀ ਕੰਮ ਪੂਰਾ ਹੋ ਚੁਕਿਆ ਹੈ ਉਸ ਦਾ ਉਪਯੋਗਤਾ ਪ੍ਰਮਾਣ ਪੱਤਰ ਭਿਜਵਾ ਕੇ ਕੰਮਾਂ ਦੀ ਗੁਣਵਕਤਾ ਸੁਨਿਸ਼ਚਿਤ ਕਰਨ।