ਚੰਡੀਗੜ੍ਹ ਖਬਰਾਂ
 

ਪੰਜਾਬ ਦੇ ਕਿਸਾਨ 18 ਸਤੰਬਰ ਨੂੰ ਸੈਕਟਰ 34 ਵਿਚ ਕਰਨਗੇ ਜ਼ਬਰਦਸਤ ਰੋਸ ਰੈਲੀ

 

ਚੰਡੀਗੜ੍ਹ 3 ਸਤੰਬਰ (ਅਬਰਾਵਾਂ) : ਉ¤ਤਰੀ ਭਾਰਤ ਦੇ ਕਿਸਾਨ ਇਸ ਸਾਲ ਭਿਆਨਕ ਸੋਕੇ ਕਾਰਨ, ਅਣਕਿਆਸੇ ਭਾਰੀ ਖ਼ਰਚੇ ਕਰ ਕੇ, ਅਪਣੀਆਂ ਫ਼ਸਲਾਂ ਖ਼ਾਸ ਕਰ ਝੋਨੇ ਨੂੰ ਬਚਾਉਣ ਲਈ, ਹਰ ਸੰਭਵ ਸਰੋਤਾਂ ਤੋਂ ਕਰਜ਼ੇ ਉਤੇ ਪੈਸੇ ਚੁੱਕ ਕੇ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਕਿਸਾਨਾਂ ਨੂੰ ਉਨ੍ਹਾਂ ਦੀ ਡੁੱਬ ਰਹੀ ਆਰਥਿਕਤਾ ਸਤਾ ਰਹੀ ਹੈ। ਕੇਂਦਰ ਸਰਕਾਰ ਵਲੋਂ ਨਿਰਧਾਰਤ ਸੋਕੇ ਦੀਆਂ ਸ਼ਰਤਾਂ ਕਾਰਨ ਪੰਜਾਬ ਨੂੰ ਸੋਕਾ ਗ੍ਰਸਥ ਨਹੀਂ ਐਲਾਨਿਆ ਜਾ ਸਕਿਆ। ਕਿਸਾਨ ਕੇਂਦਰ ਸਰਕਾਰ ਤੋਂ ਧਰਨੇ ਮੁਜਾਹਰੇ ਕਰ ਕੇ ਸੋਕਾ ਰਾਹਤ ਦੀ ਗੁਹਾਰ ਲਾ ਰਹੇ ਹਨ, ਪਰ ਕੇਂਦਰ ਸਰਕਾਰ ਨੇ ਹਾਲਾਂ ਤਕ ਲਾਰਿਆਂ ਤੋਂ ਬਿਨਾਂ ਕੁੱਝ ਵੀ ਪੱਲੇ ਨਹੀਂ ਪਾਇਆ। ਇਸੇ ਕੜੀ ਅਧੀਨ ਪੰਜਾਬ ਦੇ ਕਿਸਾਨ 18 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 34 ਵਿਚ ਇਕੱਠੇ ਹੋ ਕੇ ਜ਼ਬਰਦਸਤ ਰੋਸ ਰੈਲੀ ਕਰਨਗੇ ਅਤੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਗਵਰਨਰ ਰਾਹੀਂ ਮੰਗ ਪੱਤਰ ਦੇਣਗੇ। ਇਹ ਗੱਲ ਅੱਜ ਇਥੋਂ ਜਾਰੀ ਕੀਤੇ ਇਕ ਪ੍ਰੈ¤ਸ ਬਿਆਨ ਰਾਹੀਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ  ਸ. ਬਲਬੀਰ ਸਿੰਘ ਰਾਜੇਵਾਲ ਨੇ ਕਹੀ। ਉਨ੍ਹਾਂ ਕਿਹਾ ਕਿ ਕੇਂਦਰ ਨੇ ਕੇਂਦਰੀ ਖੇਤੀ ਮੰਤਰੀ ਸ੍ਰੀ ਸ਼ਰਦ ਪਵਾਰ ਅਤੇ ਕੇਂਦਰੀ ਪੇਂਡੂ ਵਿਕਾਸ ਮੰਤਰੀ ਸ੍ਰੀ ਜੈ ਰਾਮ ਰਾਮੇਸ਼ ਨੂੰ ਜਾਇਜ਼ਾ ਲੈਣ ਦੇ ਬਹਾਨੇ ਚੰਡੀਗੜ੍ਹ ਭੇਜ ਕੇ ਕਿਸਾਨਾਂ ਨੂੰ ਵਰਚਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਜ ਤਕ ਇਨ੍ਹਾਂ ਮੰਤਰੀਆਂ ਦੀ ਰੀਪੋਰਟ ਵਿੱਚੋਂ ਕਿਸਾਨਾਂ ਲਈ ਕੁੱਝ ਵੀ ਨਹੀਂ ਨਿਕਲਿਆ। ਕਿਸਾਨਾਂ ਨੇ 14 ਅਤੇ 15 ਅਗੱਸਤ ਨੂੰ ਨਵੀਂ ਦਿੱਲੀ ਵਿਖੇ ਧਰਨਾ ਦੇ ਕੇ ਗੁਲਾਮੀ ਦਿਵਸ ਮਨਾ ਕੇ ਰੋਸ ਪ੍ਰਗਟ ਕੀਤਾ। ਇਸ ਦੇ ਬਾਵਜੂਦ ਦੇਸ਼ ਦਾ ਢਿੱਡ ਭਰਨ ਲਈ ਅੱਧੋਂ ਵੱਧ ਹਿੱਸਾ ਪਾਉਣ ਵਾਲੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿਤੀ ਗਈ। ਦੂਜੇ ਪਾਸੇ ਉਨ੍ਹਾਂ ਰਾਜਾਂ ਦੇ ਕਿਸਾਨਾਂ ਨੂੰ 1900 ਕਰੋੜ ਦਾ ਪੈਕੇਜ ਦੇ ਵੀ ਦਿਤਾ ਗਿਆ, ਜਿਨ੍ਹਾਂ ਵਲੋਂ ਕੇਂਦਰੀ ਅੰਨ ਭੰਡਾਰ ਵਿਚ ਇਕ ਕੁਇੰਟਲ ਅਨਾਜ ਦਾ ਵੀ ਯੋਗਦਾਨ ਨਹੀਂ। ਇਹੋ ਕਾਰਨ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਮਨਾਂ ਵਿਚ ਬੇਗਾਨਗੀ ਅਤੇ ਰੋਸ ਭਾਰੂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਪੰਜਾਬ ਦੇ ਪਾਰਲੀਮੈਂਟ ਮੈਂਬਰਾਂ ਰਾਹੀਂ ਵੀ ਮੈਮੋਰੰਡਮ ਦੇ ਕੇ ਰਾਹਤ ਪੈਕੇਜ ਦੀ ਗੁਹਾਰ ਲਾਈ, ਪਰ ਨਤੀਜਾ ਫਿਰ ਵੀ ਨਹੀਂ ਨਿਕਲਿਆ। ਸ. ਰਾਜੇਵਾਲ ਨੇ ਕਿਹਾ ਕਿ ਜੇਕਰ ਕੇਂਦਰ ਨੇ ਘੇਸਲ ਵੱਟ ਕੇ ਕਿਸਾਨਾਂ ਨਾਲ ਹੁਣ ਵੀ ਇਨਸਾਫ਼ ਕਰਨੋਂ ਮੂੰਹ ਫੇਰੀ ਰੱਖਿਆ ਤਾਂ ਉਹ ਕੇਂਦਰੀ ਹੁਕਮਰਾਨਾਂ ਨੂੰ ਮਿਸਾਲੀ ਸਜ਼ਾ ਦੇਣਗੇ।
ਸ. ਰਾਜੇਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਯੂਨੀਅਨ ਦੀ ਅਗਵਾਈ ਵਿਚ ਪੰਜਾਬ ਦੇ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ ਮੈਮੋਰੰਡਮ ਦੇ ਕੇ ਕੇਂਦਰ ਸਰਕਾਰ ਤੋਂ ਕਿਸਾਨਾਂ ਨੂੰ ਸੋਕਾ ਰਾਹਤ ਦਵਾਉਣ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਨੂੰ ਇਹ ਮੁੱਦਾ ਪਾਰਲੀਮੈਂਟ ਵਿਚ ਉਠਾਉਣ ਲਈ ਵੀ ਕਿਹਾ ਗਿਆ। ਕੇਵਲ ਭਾਜਪਾ ਐਮ. ਪੀ. ਸ. ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਸਾਰੇ ਐਮ. ਪੀ. ਸਾਹਿਬਾਨ ਨੇ ਬਹੁਤ ਵਧੀਆ ਵਰਤਾਉ ਕੀਤਾ ਅਤੇ ਕੇਂਦਰ ਕੋਲ ਇਹ ਮੁੱਦਾ ਉਠਾਉਣ ਦਾ ਭਰੋਸਾ ਦਿਤਾ। ਸ. ਨਵਜੋਤ ਸਿੰਘ ਸਿੱਧੂ ਦਾ ਵਤੀਰਾ ਬੇਹੱਦ ਰੁੱਖਾ, ਮਸਖਰਿਆਂ ਵਾਲਾ ਅਤੇ ਅਪਮਾਨਜਨਕ ਸੀ। ਭਾਰਤੀ ਕਿਸਾਨ ਯੂਨੀਅਨ ਨੇ ਇਕ ਮਤਾ ਪਾਸ ਕਰ ਕੇ ਮੰਗ ਕੀਤੀ ਹੈ ਕਿ ਜਾਂ ਤਾਂ ਸ. ਨਵਜੋਤ ਸਿੰਘ ਸਿੱਧੂ ਅਪਣੇ ਇਸ ਵਤੀਰੇ ਦੀ ਯੂਨੀਅਨ ਪਾਸੋਂ ਮੁਆਫ਼ੀ ਮੰਗਣ, ਨਹੀਂ ਤਾਂ 18 ਸਤੰਬਰ ਦੇ ਚੰਡੀਗੜ੍ਹ ਧਰਨੇ ਵਿਚ ਉਨ੍ਹਾਂ ਵਿਰੁਧ ਉਨ੍ਹਾਂ ਦੇ ਹਲਕੇ ਵਿਚ ਮੁਹਿੰਮ ਛੇੜਨ ਦਾ ਐਲਾਨ ਕੀਤਾ ਜਾਵੇਗਾ। ਸ. ਰਾਜੇਵਾਲ ਨੇ ਕਿਹਾ ਕਿ ਅਜਕਲ ਪੰਜਾਬ ਭਾਜਪਾ ਦੇ ਆਗੂਆਂ ਦੇ  ਆ ਰਹੇ ਕਿਸਾਨ ਵਿਰੋਧੀ ਬਿਆਨਾਂ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਪੰਜਾਬ ਭਾਜਪਾ ਦੇ ਆਗੂਆਂ ਨੂੰ ਆਰਥਿਕ ਪੱਖੋਂ ਤਬਾਹ ਹੋਈ ਕਿਸਾਨੀ ਦੀ ਕੋਈ ਚਿੰਤਾ ਨਹੀਂ, ਇਸੇ ਲਈ ਉਹ ਅਪਣੇ ਬਿਆਨਾਂ ਨਾਲ ਕਿਸਾਨਾਂ ਦੇ ਜ਼ਖ਼ਮਾਂ ਉਤੇ ਲੂਣ ਛਿੜਕ ਰਹੇ ਹਨ। ਉਨ੍ਹਾਂ ਚਿਤਾਵਨੀ ਦਿਤੀ ਕਿ ਭਾਜਪਾ ਆਗੂ ਅਪਣੀ ਮਾਨਸਿਕਤਾ ਨੂੰ ਦਰੁਸਤ ਕਰਨ, ਨਹੀਂ ਤਾਂ ਭਾਰਤੀ ਕਿਸਾਨ ਯੂਨੀਅਨ ਉਨ੍ਹਾਂ ਵਿਰੁਧ ਵੀ ਪੰਜਾਬ ਵਿਚ ਵੱਡੀ ਮੁਹਿੰਮ ਛੇੜ ਦੇਵੇਗੀ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.