ਬੇਂਗਲੁਰੂ, 3 ਸਤੰਬਰ: ਭਾਰਤ ਨੇ ਨਿਊਜ਼ੀਲੈਂਡ ਤੋਂ ਦੂਜਾ ਟੈਸਟ ਮੈਚ ਜਿੱਤ ਲਿਆ ਹੈ। ਐਮ. ਚਿੰਨਾਸਵਾਮੀ ਸਟੇਡੀਅਮ ਵਿਚ ਜਾਰੀ ਲੜੀ ਦੇ ਦੂਜੇ ਅਤੇ ਅੰਤਮ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਭਾਰਤ ਨੇ ਇਹ ਜਿੱਤ ਦਰਜ ਕੀਤੀ। ਭਾਰਤ ਨੇ ਦੋ ਟੈਸਟ ਮੈਚਾਂ ਦੀ ਇਹ ਲੜੀ 2-0 ਨਾਲ ਜਿੱਤ ਲਈ ਹੈ। ਨਿਊਜ਼ੀਲੈਂਡ ਨੇ ਜਿੱਤ ਲਈ ਭਾਰਤ ਨੂੰ 261 ਦੌੜਾਂ ਦਾ ਨਿਸ਼ਾਨਾ ਦਿਤਾ ਸੀ। ਬੇਂਗਲੁਰੂ ਵਿਚ ਦੌੜਾਂ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਇਹ ਸੱਭ ਤੋਂ ਵੱਡੀ ਜਿੱਤ ਹੈ। ਭਾਰਤ ਨੇ ਪੰਜ ਵਿਕਟ ਨਾਲ ਜਿ¤ਤ ਦਰਜ ਕੀਤੀ । ਕੋਹਲੀ 51 ਅਤੇ ਧੋਨੀ 48 ਦੌੜਾਂ ਬਣਾ ਕੇ ਅਜੇਤੂ ਰਹੇ। ਹੈਦਰਾਬਾਦ ਵਿਚ ਖੇਡੇ ਗਏ ਪਹਿਲੇ ਟੈਸਟ ਵਿਚ ਭਾਰਤ ਨੇ ਪਾਰੀ ਅਤੇ 115 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਕੀਵੀ ਟੀਮ ਨੇ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਭਾਰਤ ਸਾਹਮਣੇ ਜਿੱਤ ਲਈ 261 ਦੌੜਾਂ ਦਾ ਨਿਸ਼ਾਨਾ ਰੱਖਿਆ ਸੀ, ਜਿਸ ਨੂੰ ਉਸ ਨੇ ਪੰਜ ਵਿਕਟਾਂ ਗਵਾ ਕੇ ਹਾਸਲ ਕਰ ਲਿਆ।ਭਾਰਤ ਵਲੋਂ ਗੌਤਮ ਗੰਭੀਰ ਨੇ 34, ਵੀਰੇਂਦਰ ਸਹਿਵਾਗ ਨੇ 38, ਚੇਤੇਸ਼ਵਰ ਪੁਜਾਰਾ ਨੇ 48 ਅਤੇ ਸਚਿਨ ਤੇਂਦੁਲਕਰ ਨੇ 27 ਦੌੜਾਂ ਦਾ ਯੋਗਦਾਨ ਦਿਤਾ। ਸੁਰੇਸ਼ ਰੈਨਾ ਖਾਤਾ ਨਹੀਂ ਖੋਲ੍ਹ ਸਕੇ। ਨਿਊਜ਼ੀਲੈਂਡ ਵਲੋਂ ਸਪਿਨ ਗੇਂਦਬਾਜ਼ ਜੀਤਨ ਪਟੇਲ ਨੇ ਸੱਭ ਤੋਂ ਜ਼ਿਆਦਾ ਤਿੰਨ ਵਿਕਟਾਂ ਲਈਆਂ ਜਦ ਕਿ ਟਿਮ ਸਾਉਦੀ ਅਤੇ ਟਰੇਂਟ ਬਾਉਲਟ ਨੂੰ ਇਕ-ਇਕ ਸਫ਼ਲਤਾ ਮਿਲੀ। (ਏਜੰਸੀ)