ਰਾਮਪੁਰਾ ਫੂਲ, 3 ਸਤੰਬਰ (ਬੱਲੀ) : ਪੰਜਾਬ ਦੇ ਸਿਖਿਆ ਵਿਭਾਗ ਵਿੱਚ ਕੰਮ ਰਹੇ ਅਧਿਆਪਕਾਂ ਲਈ ਖੁਸ਼ਖਬਰੀ ਹੈ ਕਿ ਉਹ ਹੁਣ ਅਖ਼ਬਾਰਾਂ, ਰਸਾਲਿਆਂ ਆਦਿ ਲਈ ਪੱਤਰਕਾਰੀ ਕਰ ਸਕਦੇ ਹਨ ਪ੍ਰੰਤੂ ਮੁੱਖ ਸ਼ਰਤ ਇਹ ਹੈ ਕਿ ਪੱਤਰਕਾਰੀ ਦਾ ਮੁਹਾਂਦਰਾ ਉਸਾਰੂ ਹੋਣਾ ਚਾਹੀਦਾ ਹੈ। ਜੇਕਰ ਕਰਮਚਾਰੀ ਇਸ ਆੜ ’ਚ ਨਾਂਹ-ਪੱਖੀ ਪੱਤਰਕਾਰੀ ਕਰੇਗਾ ਤਾਂ ਉਸ ਵਿਰੁਧ ਵਿਭਾਗ ਨਿਯਮਾਂ ਤਹਿਤ ਸਖ਼ਤ ਕਾਰਵਾਈ ਕਰਨ ਲਈ ਪਾਬੰਦ ਰਹੇਗਾ। ਇਹ ਐਲਾਨ ਸੂਬੇ ਦੇ ਸਿਖਿਆ ਤੇ ਭਾਸ਼ਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਮਾਰਕਿਟ ਕਮੇਟੀ ਦੇ ਸਥਾਨਕ ਦਫ਼ਤਰ ਵਿਖੇ ਇਕ ਪ੍ਰੈ¤ਸ ਕਾਨਫ਼ਰੰਸ ਦੌਰਾਨ ਕੀਤਾ। ਇਸ ਐਲਾਨ ਨਾਲ ਜਿੱਥੇ ਚੋਰੀ ਛਿਪੇ ਪੱਤਰਕਾਰੀ ਕਰ ਰਹੇ ਅਧਿਆਪਕਾਂ ਨੂੰ ਸੁੱਖ ਦਾ ਸਾਹ ਆਵੇਗਾ, ਉਥੇ ਪੱਤਰਕਾਰੀ ਕਰਨ ਜਾਂ ਨਾ ਕਰਨ ਬਾਰੇ ਛਿੜੇ ਵਿਵਾਦ ਦਾ ਵੀ ਅੰਤ ਹੋ ਗਿਆ। ਸਿਖਿਆ ਮੰਤਰੀ ਮਲੂਕਾ ਨੇ ਕਿਹਾ ਕਿ ਜੇਕਰ ਸਿਖਿਆ ਵਿਭਾਗ ਦੇ ਕਰਮਚਾਰੀ ਵੱਖ ਵੱਖ ਵਿਸ਼ਿਆ ਨੂੰ ਲੈ ਕੇ ਨਾਂਹ-ਪੱਖੀ ਰੁੱਖ ਦੀ ਥਾ ਹਾਂ-ਪੱਖੀ ਰੁੱਖ ਅਪਣਾਉਂਦੇ ਹਨ ਤਾਂ ਵਿਭਾਗ ਨੂੰ ਕੋਈ ਇਤਰਾਜ ਨਹੀਂ ਹੋਵੇਗਾ। ਸ. ਮਲੂਕਾ ਨੇ ਹੋਰ ਸਪੱਸ਼ਟ ਕੀਤਾ ਕਿ ਅਧਿਆਪਕ ਨੂੰ ਸਕੂਲ ਦੇ ਸਮੇਂ ਵਿਚ ਪੱਤਰਕਾਰੀ ਕਰਨ ਦੀ ਛੋਟ ਨਹੀਂ ਦਿਤੀ ਜਾਵੇਗੀ। ਸਕੂਲ ਸਮੇਂ ਤੋਂ ਬਾਅਦ ਉਹ ਆਪਣੇ ਅਜਿਹੇ ਸ਼ੌਕ ਨੂੰ ਪੂਰਾ ਕਰ ਸਕਦੇ ਹਨ। ਵਰਨਣਯੋਗ ਹੈ ਕਿ ਡਾਇਰਕੈਟਰ ਜਰਨਲ ਆਫ ਸਕੂਲ ਸਿੱਖਿਆ ਪੰਜਾਬ ਵੱਲੋ ਪਿਛਲੇ ਮਹੀਨੇ ਇੱਕ ਪੱਤਰ ਜਾਰੀ ਕਰ ਕੇ ਸਿਖਿਆ ਵਿਭਾਗ ਵਿਚ ਕੰਮ ਕਰ ਰਹੇ ਅਧਿਆਪਕਾਂ ਦੇ ਪੱਤਰਕਾਰੀ ਕਰਨ, ਰਸਾਲਿਆਂ ਅਤੇ ਅਖ਼ਬਾਰਾਂ ਲਈ ਲੇਖ ਆਦਿ ਲਿਖਣ ਉਪਰ ਪਾਬੰਦੀ ਲਗਾ ਦਿਤੀ ਸੀ।