ਨਵੀਂ ਦਿੱਲੀ, 3 ਸਤੰਬਰ : ਅਰਵਿੰਦ ਕੇਜਰੀਵਾਲ ਨੇ ਪੁਲਿਸ ’ਤੇ 26 ਅਗੱਸਤ ਦੇ ਵਿਰੋਧ ਵਿਖਾਵੇ ਵਿਚ ਸ਼ਾਮਲ ਉਨ੍ਹਾਂ ਦੇ ਸਮਰਥਕਾਂ ਨੂੰ ਤੰਗ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦਿਨ ਜੋ ਕੁੱਝ ਹੋਇਆ, ਉਸ ਲਈ ਉਹ ਦੋਸ਼ੀ ਹਨ ਅਤੇ ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹਨ। ਅੱਜ ਕੇਜਰੀਵਾਲ ਅਤੇ ਇੰਡੀਆ ਅਗੇਂਸਟ ਕਰਪਸ਼ਨ ਦੇ ਆਗੂ ਪ੍ਰਸ਼ਾਂਤ ਭੂਸ਼ਨ, ਮਨੀਸ਼ ਸਿਸੋਦੀਆ, ਗੋਪਾਲ ਰਾਏ, ਕੁਮਾਰ ਵਿਸ਼ਵਾਸ ਅਤੇ ਸੰਜੇ ਸਿੰਘ ਨੇ ਸਵੇਰੇ ਵਧੀਕ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਅਪਣਾ ਬਿਆਨ ਦਰਜ ਕਰਵਾਇਆ ਜਿਸ ਦੌਰਾਨ ਇਨ੍ਹਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਸਮਰਥਕਾਂ ਨੂੰ ਪ੍ਰੇਸ਼ਾਨ ਕਰਨ ਦੀ ਥਾਂ ਗ੍ਰਿਫ਼ਤਾਰ ਕੀਤਾ ਜਾਵੇ। ਪੁਲਿਸ ਨੇ ਧਾਰਾ 161 ਤਹਿਤ ਬਿਆਨ ਦਰਜ ਕੀਤਾ ਪਰ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਕੇਜਰੀਵਾਲ ਨੇ ਪੱਤਰਕਾਰਾਂ ਨੂੰ ਦਸਿਆ ਕਿ ਕੋਲਾ ਖਦਾਨਾਂ ਦੀ ਵੰਡ ਵਿਰੁਧ 26 ਅਗੱਸਤ ਨੂੰ ਹੋਏ ਦਿਖਾਵੇ ਦੇ ਸਬੰਧ ਵਿਚ ਪੁਛਗਿਛ ਕਰਨ ਦੇ ਨਾਂਅ ’ਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੁਲਿਸ ਬਗ਼ੈਰ ਕਿਸੇ ਕਾਰਨ ਤੋਂ ਪ੍ਰੇਸ਼ਾਨ ਕਰ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਅਸੀਂ ਜੋ ਕੁੱਝ ਕੀਤਾ, ਉਹ ਦੇਸ਼ ਲਈ ਸੀ। ਜੇ ਇਹ ਸਰਕਾਰ ਲਈ ਜੁਰਮ ਹੈ ਤਾਂ ਅਸੀਂ ਸਜ਼ਾ ਭੁਗਤਣ ਲਈ ਤਿਆਰ ਹਾਂ ਅਤੇ ਭਵਿੱਖ ਵਿਚ ਵੀ ਅਜਿਹਾ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਜੇ ਤੁਸੀਂ ਇਹ ਸੋਚਦੇ ਹੋ ਕਿ ਭ੍ਰਿਸ਼ਟਾਚਾਰ ਵਿਰੁਧ ਲੜਨਾ ਕਾਨੂੰਨ ਤੋੜਨਾ ਹੈ ਤਾਂ ਅਸੀਂ ਕਾਨੂੰਨ ਤੋੜਿਆ ਹੈ ਅਤੇ ਭਵਿੱਖ ਵਿਚ ਵੀ ਅਜਿਹਾ ਕਰਦੇ ਰਹਾਂਗੇ। ਕੇਜਰੀਵਾਲ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਇਕ ਚਿੱਠੀ ਲਿਖ ਕੇ ਇਹ ਦਸਿਆ ਹੈ ਕਿ ਪੁਲਿਸ ਨੂੰ ਦਿਤੇ ਉਨ੍ਹਾਂ ਦੇ ਬਿਆਨ ਨੂੰ ਆਧਾਰ ਮੰਨਿਆ ਜਾਵੇ। ਕੇਜਰੀਵਾਲ ਨੇ ਕਿਹਾ ਕਿ ਸਾਨੂੰ ਦੰਗਾ ਕਰਨ ਅਤੇ ਦੰਗਾ ਭੜਕਾਉਣ ਦਾ ਦੋਸ਼ੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਤੁਸੀਂ ਜਨਤਾ ਨੂੰ ਪੁਛੋਗੇ ਤਾਂ ਉਹ ਕਹੇਗੀ ਕਿ ਕਾਂਗਰਸ ਅਤੇ ਭਾਜਪਾ ਦੰਗੇ ਭੜਕਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅਪਣੇ ਜੁਰਮ ਲਈ ਸਜ਼ਾ ਭੁਗਤਣ ਲਈ ਤਿਆਰ ਹਾਂ। ਇਸ ਸਬੰਧ ਵਿਚ ਪੁਲਿਸ ਨੇ ਕੇਜਰੀਵਾਲ, ਭੂਸ਼ਨ, ਸਿਸੋਦੀਆ, ਵਿਸ਼ਵਾਸ, ਰਾਏ ਅਤੇ ਕਈ ਅਣਪਛਾਤੇ ਲੋਕਾਂ ਵਿਰੁਧ ਦੰਗੇ ਕਰਨ ਨਾਲ ਜੁੜੇ ਪੰਜ ਮਾਮਲੇ ਦਰਜ ਕੀਤੇ ਹਨ। (ਪੀ.ਟੀ.ਆਈ.)