ਰਾਸ਼ਟਰੀ ਖਬਰਾਂ
 

ਮਨਪ੍ਰੀਤ ਸਿੰਘ ਬਾਦਲ ਦੀ ਸੋਨੀਆ ਗਾਂਧੀ ਨਾਲ ਹੋਈ ਮੀਟਿੰਗ

 


ਮਾਨਸਾ, 2 ਸਤੰਬਰ (ਬਲਦੇਵ ਸ਼ਰਮਾ) : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਲ ਪ੍ਰੈ¤ਸ ਕਾਨਫ਼ਰੰਸ ਕਰ ਕੇ ਸਾਂਝੇ ਮੋਰਚੇ ਅਤੇ ਬਸਪਾ ਨੂੰ ਸੱਦਾ ਦਿਤਾ ਸੀ ਕਿ ਉਹ ਅਕਾਲੀ-ਭਾਜਪਾ ਗਠਜੋੜ ਦੀਆਂ ਲੋਕ ਮਾਰੂ ਨੀਤੀਆਂ ਉਜਾਗਰ ਕਰਨ ਲਈ ਕਾਂਗਰਸ ਦਾ ਸਾਥ ਦੇਣ। ਇਸ ਬਿਆਨ ਨੂੰ ਸਿਆਸੀ ਮਾਹਰ ਵਖਰੇ ਢੰਗ ਨਾਲ ਵੀ ਵੇਖ ਰਹੇ ਹਨ। ਸੂਤਰ ਦਸਦੇ ਹਨ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਉਣ ਬਾਰੇ ਵਿਚਾਰ-ਵਟਾਦਰਾਂ ਹੋ ਚੁੱਕਾ ਹੈ। ਕੁੱਝ ਦਿਨ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਵੀ ਦਿੱਲੀ ਵਿਚ ਸੋਨੀਆ ਗਾਂਧੀ ਨਾਲ ਇਕ ਬੈਠਕ ਵੀ ਹੋ ਚੁੱਕੀ ਹੈ। ਲੱਗਭਗ 30 ਮਿੰਟ ਦੀ ਇਸ ਮੀਟਿੰਗ ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਰਣਨੀਤੀ ਤਿਆਰ ਕੀਤੀ ਗਈ ਤੇ ਗਠਜੋੜ ਦੀਆਂ ਸੰਭਾਵਨਾ ਨੂੰ ਵੀ ਤਲਾਸ਼ਿਆ ਗਿਆ। ਪੰਜਾਬ ਸਰਕਾਰ ਇਸ ਸਮੇਂ ਗੰਭੀਰ ਆਰਥਕ ਸੰਕਟ ਵਿਚੋਂ ਗੁਜ਼ਰ ਰਹੀ ਹੈ ਜਿਸ ਨੂੰ ਕੇਂਦਰ ਸਰਕਾਰ ਤੋਂ ਵੱਡੇ ਆਰਥਕ ਪੈਕੇਜ ਦੀ ਆਸ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਰਥਕ ਪੈਕੇਜ ਬਦਲੇ ਅੰਦਰਖਾਤੇ ਅਕਾਲੀ ਦਲ ਕਾਂਗਰਸ ਨਾਲ ਕੋਈ ਵੀ ਸਮਝੌਤਾ ਕਰਨ ਲਈ ਤਿਆਰ ਹੈ। ਸੂਤਰ ਦਸਦੇ ਹਨ ਕਿ ਅਕਾਲੀ ਦਲ ਹਰਸਿਮਰਤ ਕੌਰ ਬਾਦਲ ਸਮੇਤ 3 ਸੀਟਾਂ ’ਤੇ ਜ਼ੋਰ ਦੇ ਰਿਹਾ ਹੈ। ਬਾਕੀ ਸੀਟਾਂ ’ਤੇ ਕਾਂਗਰਸ ਨੂੰ ਬੜੇ ਆਰਾਮ ਨਾਲ ਜਿਤਵਾਇਆ ਜਾ ਸਕਦਾ ਹੈ ਪਰ ਮਨਪ੍ਰੀਤ ਸਿੰਘ ਬਾਦਲ ਤੇ ਪੰਜਾਬ ਕਾਂਗਰਸ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਲਈ ਇਸ ਸੀਟ ’ਤੇ ਮਨਪ੍ਰੀਤ ਸਿੰਘ ਨੂੰ ਲਿਆਉਣ ਵਿਚ ਵੱਡੀ ਦਿਲਚਸਪੀ ਰੱਖ ਰਹੇ ਹਨ।
ਬਾਦਲ ਪਰਵਾਰ ਦਾ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਹੁਣ ਖੁੱਲ੍ਹ ਕੇ ਕਾਂਗਰਸ ਦੇ ਜਨ ਅੰਦੋਲਨ ਵਿਚ ਕੁੱਦਣ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਪਾਰਟੀ ਦੀ ਮੀਟਿੰਗ ਚੰਡੀਗੜ੍ਹ ਵਿਖੇ 4 ਸਤੰਬਰ ਨੂੰ ਸੱਦ ਲਈ ਹੈ। ਇਸ ਗਠਜੋੜ ਬਾਰੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਖਿਚੜੀ ਪੱਕਣੀ ਸ਼ੁਰੂ ਹੋ ਗਈ ਸੀ ਜੋ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਸਾਂਝੇ ਮੋਰਚੇ ਸਮੇਤ ਬਸਪਾ ਨੂੰ ਵੀ ਇਸ ਜਨ ਅੰਦੋਲਨ ਵਿਚ ਸਾਥ ਦੇਣ ਦੀ ਅਪੀਲ ਕੀਤੀ ਹੈ। ਜੇ ਲੋਕ ਸਭਾ ਚੋਣਾਂ ਵਿਚ ਇਹ ਗਠਜੋੜ ਬਣ ਜਾਂਦਾ ਹੈ ਤਾਂ ਪੰਜਾਬ ਸਰਕਾਰ ਲਈ ਇਹ ਮੁਸੀਬਤਾਂ ਖੜੀਆ ਕਰ ਸਕਦਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਦੇ ਬੇਟੇ ਰਣਿੰਦਰ ਨੂੰ 1 ਲੱਖ ਤੋਂ ਵੱਧ ਵੋਟਾਂ ਨਾਲ ਹਰਾ ਦਿਤਾ ਸੀ। ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਇੱਕ ਲੱਖ ਵੀਹ ਹਜ਼ਾਰ ਦੇ ਕਰੀਬ ਵੋਟਾਂ ਘੱਟ ਮਿਲਣਾ ਭਾਰੀ ਚਿੰਤਾ ਦਾ ਮੁੱਦਾ ਹੈ ਕਿਉਂਕਿ ਉਸ ਦੇ ਵਿਧਾਇਕ ਮਾਮੂਲੀ ਫ਼ਰਕ ਨਾਲ ਜਿੱਤੇ ਹਨ, ਇਸ ਲਈ ਸਵਾ ਲੱਖ ਦੇ ਕਰੀਬ ਵੋਟ ਅਕਾਲੀ ਦਲ ਦੇ ਵਿਰੋਧ ਵਿਚ ਪਈ ਹੈ। ਇਨ੍ਹਾਂ ਵੋਟਾਂ ਨੂੰ ਹਥਿਆਉਣ ਲਈ ਅਕਾਲੀ ਦਲ ਨੇ ਬੁਢਲਾਡਾ ਤੋਂ ਪੀ.ਪੀ.ਪੀ ਦੀ ਉਮੀਦਵਾਰ ਰਣਜੀਤ ਕੌਰ ਭੱਟੀ ਨੂੰ ਸ਼ਾਮਲ ਕਰਾਉਣ ਲਈ ਦਬਾਅ ਬਣਾਇਆ ਸੀ ਪਰ ਬੀਬੀ ਭੱਟੀ ਨੇ ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫ਼ਰੰਸ ਵਿਚ ਅਕਾਲੀ ਦਲ ਵਿਰੁਧ ਦੋਸ਼ ਲਗਾਏ ਸਨ ਕਿ ਸਰਕਾਰ ਨੇ ਉਸ ਦੇ ਪੁਲਿਸ ਅਫ਼ਸਰ ਪਤੀ ਅਤੇ ਬੇਟੇ ਦੀਆਂ ਤਨਖ਼ਾਹਾਂ ਤਕ ਰੋਕ ਲਈਆਂ ਹਨ ਪਰ ਅਕਾਲੀ ਦਲ ਬੀਬਾ ਭੱਟੀ ਨੂੰ ਅਪਣੀ ਪਾਰਟੀ ਵਿਚ ਸ਼ਾਮਲ ਨਾ ਕਰ ਸਕਿਆ। ਇਹ ਵੀ ਚਰਚਾ ਚਲਦੀ ਰਹੀ ਹੈ ਕਿ ਅਕਾਲੀ ਦਲ ਨੇ ਕਾਂਗਰਸ ਦੇ ਇਕ ਧੜੱਲੇਦਾਰ ਸਾਬਕਾ ਵਿਧਾਇਕ ’ਤੇ ਵੀ ਡੋਰੇ ਪਾਏ ਸਨ। ਇਹ ਸਾਬਕਾ ਵਿਧਾਇਕ ਜ਼ਿਲ੍ਹੇ ਅੰਦਰ 70 ਹਜ਼ਾਰ ਦੇ ਕਰੀਬ ਵੋਟਾਂ ਨੂੰ ਪ੍ਰਭਾਵਤ ਕਰ ਸਕਦਾ ਹੈ। ਉਸ ਦਾ ਬੁਢਲਾਡਾ, ਮਾਨਸਾ, ਸਰਦੂਲਗੜ੍ਹ ਅਤੇ ਮੌੜ ਮੰਡੀ ਵਿਚ ਪੱਕਾ ਵੋਟ ਬੈਂਕ ਹੈ। ਹੁਣ ਇਹ ਚਰਚਾ ਵੀ ਹਵਾ ਦੇ ਬੁੱਲ੍ਹੇ ਵਾਂਗ ਸ਼ਾਂਤ ਹੋ ਗਈ ਹੈ। ਹੁਣ ਸੱਭ ਦੀਆਂ ਨਜ਼ਰਾਂ ਕਾਂਗਰਸ ਦੇ ਅੰਦੋਲਨ ਵਲ ਲੱਗੀਆਂ ਹੋਈਆਂ ਹਨ।

 

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.