ਇਸਲਾਮਾਬਾਦ, 1 ਸਤੰਬਰ : ਮੁੰਬਈ ਬੰਬ ਹਮਲਿਆਂ ਦੇ ਸਬੰਧ ਵਿਚ ਅੱਜ ਇਥੋਂ ਦੀ ਇਕ ਅਦਾਲਤ ਨੂੰ ਫ਼ੈਡਰਲ ਜਾਂਚ ਏਜੰਸੀ ਦੇ ਅਧਿਕਾਰੀ ਨਵਾਜ਼ ਨਾਜ਼ੀ ਨੇ ਦਸਿਆ ਕਿ ਇਨ੍ਹਾਂ ਹਮਲਿਆਂ ਲਈ ਫ਼ੰਡ ਪਾਕਿਸਤਾਨ ਤੋਂ ਅਮਰੀਕਾ ਵਿਖੇ ਭੇਜਿਆ ਗਿਆ ਜਿਸ ਰਾਹੀਂ ‘ਵਾਇਸ ਓਵਰ ਇੰਟਰਨੈ¤ਟ ਪ੍ਰੋਟੋਕਾਲ’ ਕਨੈਕਸ਼ਨ ਦੀ ਵਰਤੋਂ ਕਰ ਕੇ ਅਤਿਵਾਦੀਆਂ ਨੇ ਮੁੰਬਈ ਵਿਖੇ ਹਮਲਾ ਕੀਤਾ ਸੀ। ਨਾਜ਼ੀ ਨੇ ਅਤਿਵਾਦ ਵਿਰੋਧੀ ਅਦਾਲਤ ਦੇ ਜੱਜ ਚੌਧਰੀ ਹਬੀਬ ਉਰ ਰਹਿਮਾਨ ਨੂੰ ਦਸਿਆ ਕਿ 250 ਡਾਲਰ ਨਿਊਜਰਸੀ ਸਥਿਤ ਇਕ ਕੰਪਨੀ ਨੂੰ ਅਦਾ ਕੀਤੇ ਗਏ ਤਾਕਿ ਵੀ.ਓ.ਆਈ.ਪੀ. ਕਨੈਕਸ਼ਨ ਦੀ ਵਰਤੋਂ ਮੁੰਬਈ ਹਮਲਿਆਂ ਨਾਲ ਸਬੰਧਤ ਅਤਿਵਾਦੀਆਂ ਨਾਲ ਸੰਪਰਕ ਲਈ ਕੀਤੀ ਜਾ ਸਕੇ। ਨਾਜ਼ੀ ਨੇ ਅਦਾਲਤ ਨੂੰ ਦਸਿਆ ਕਿ ਦੋਸ਼ੀਆਂ ਵਲੋਂ ਪਾਕਿਸਤਾਨ ਤੋਂ ਅਮਰੀਕਾ ਵਿਖੇ ਫ਼ੰਡ ਤਬਦੀਲ ਕਰਨ ਵਿਚ ਸ਼ਮੂਲੀਅਤ ਪਾਈ ਗਈ ਹੈ। ਰਾਵਲਪਿੰਡੀ ਦੀ ਅਦਾਇਲਾ ਜੇਲ ਵਿਖੇ ਨਾਜ਼ੀ ਨੇ ਅਪਣਾ ਬਿਆਨ ਦਰਜ ਕਰਵਾਇਆ ਜਿਥੇ ਜਾਂਚ ਅਧਿਕਾਰੀ ਕੋਲੋਂ ਚਾਰ ਘੰਟੇ ਤਕ ਬਚਾਅ ਪੱਖ ਦੇ ਵਕੀਲਾਂ ਨੇ ਸਵਾਲ-ਜਵਾਬ ਕੀਤੇ। ਨਾਜ਼ੀ ਨੇ ਦਸਿਆ ਕਿ ਕਿਸ ਤਰ੍ਹਾਂ 26/11 ਦੇ ਹਮਲਿਆਂ ਲਈ ਪਾਕਿਸਤਾਨ ਸਥਿਤ ਕੱਟੜਪੰਥੀਆਂ ਵਲੋਂ 27-28 ਨਵੰਬਰ 2008 ਨੂੰ ਉਕਤ ਕਨੈਕਸ਼ਨ ਦੀ ਵਰਤੋਂ ਕੀਤੀ ਗਈ। ਨਾਜ਼ੀ ਨੇ ਅਦਾਲਤ ਸਾਹਮਣੇ ਵਿੱਤੀ ਲੈਣ-ਦੇਣ ਸਬੰਧੀ ਦਸਤਾਵੇਜ਼ੀ ਸਬੂਤ ਵੀ ਪੇਸ਼ ਕੀਤੇ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 8 ਸਤੰਬਰ ਤਕ ਮੁਲਤਵੀ ਕਰ ਦਿਤੀ। (ਪੀ.ਟੀ.ਆਈ.)