ਨਵੀਂ ਦਿੱਲੀ, 1 ਸਤੰਬਰ: ਭਾਰਤ ਅਤੇ ਆਸੀਆਨ ਦੇ ਮੈਂਬਰ ਦੇਸ਼ਾਂ ਨੇ ਸੇਵਾ ਅਤੇ ਨਿਵੇਸ਼ ਨੂੰ ਸ਼ਾਮਲ ਕਰ ਮੁਕਤ ਵਪਾਰ ਸਮਝੌਤੇ ਦੇ ਅਧਾਰ ਨੂੰ ਵਿਆਪਕ ਬਣਾਉਣ ਲਈ ਜਾਰੀ ਗੱਲਬਾਤ ਨੂੰ ਸਿਰੇ ਚੜਾਉਣ ਨੂੰ ਲੈ ਕੇ ਸਹਿਮਤੀ ਪ੍ਰਗਟ ਕੀਤੀ ਹੈ। 10ਵੇਂ ਭਾਰਤ-ਆਸੀਆਨ ਵਣਿੱਜ ਮੰਤਰੀਆਂ ਦੀ ਬੈਠਕ ਵਿਚ ਆਸਿਆਨ ਦੇਸ਼ਾਂ ਨਾਲ ਗੱਲਬਾਤ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਕੰਬੋਡੀਆ ਦੇ ਸਿਏਮ ਰੀਪ ਵਿਚ ਹੋ ਰਹੀ ਇਸ ਬੈਠਕ ਵਿਚ ਵਣਿਜ ਅਤੇ ਉਦਯੋਗ ਮੰਤਰੀ ਆਨੰਦ ਸ਼ਰਮਾ ਨੇ ਸ਼ਿਰਕਤ ਕੀਤੀ। ਇਥੇ ਜਾਰੀ ਸਰਕਾਰੀ ਬਿਆਨ ਮੁਤਾਬਕ, ‘‘ਗੱਲਬਾਤ ਨੂੰ ਤਰਕ ਸੰਗਤ ਸਿੱਟੇ ਤਕ ਪੁੱਜਦਾ ਕਰਨ ਲਈ ਭਾਰਤ ਸੇਵਾ ਅਤੇ ਨਿਵੇਸ਼ ’ਤੇ ਕਾਰਜਕਾਰੀ ਸਮੂਹ ਦੀ ਬੈਠਕ ਦੀ ਮੇਜਬਾਨੀ ਕਰੇਗਾ। ਬੈਠਕ ਸਤੰਬਰ ਦੇ ਦੂਜੇ ਹਫ਼ਤੇ ਹੋਵੇਗੀ। ਇਹ ਬੈਠਕ ਦਸੰਬਰ ਵਿਚ ਨਵੀਂ ਦਿੱਲੀ ਵਿਚ ਆਸੀਆਨ-ਭਾਰਤ ਸ਼ਿਖਰ ਸੰਮੇਨਲ ਤੋਂ ਪਹਿਲਾਂ ਹੋਵੇਗੀ।’’ ਬਿਆਨ ਮੁਤਾਬਕ ਭਾਰਤ ਅਤੇ ਆਸਿਆਨ ਮੈਂਬਰ ਦੇਸ਼ਾਂ ਦੇ ਵਣਿੱਜ ਮੰਤਰੀ ਦੋਵੇਂ ਪੱਖਾਂ ਵਿਚਕਾਰ ਸੇਵਾ ਅਤੇ ਨਿਵੇਸ਼ ’ਤੇ ਸਮਝੌਤੇ ਨੂੰ ਸਿਰੇ ਚੜ੍ਹਾਉਣ ਲਈ ਗੱਲਬਾਤ ਵਿਚ ਤੇਜ਼ੀ ਲਿਆਉਣ ’ਤੇ ਸਹਿਮਤ ਹੋਏ ਹਨ। ਦੋਵੇਂ ਪੱਖ ਪਹਿਲਾਂ ਹੀ ਇਸ ਸਾਲ ਜਨਵਰੀ ਵਿਚ ਚੀਜ਼ਾਂ ਦੇ ਮਾਮਲੇ ਵਿਚ ਮੁਕਤ ਵਪਾਰ ਸਮਝੌਤੇ ਨੂੰ ਲਾਗੂ ਕਰ ਚੁੱਕੇ ਹਨ। ਹੁਣ ਇਸ ਸੇਵਾ ਅਤੇ ਨਿਵੇਸ਼ ਨੂੰ ਸ਼ਾਮਲ ਕਰਨ ਦੇ ਯਤਨ ਹੋ ਰਹੇ ਹਨ। ਸਾਲ-2011 ਤੋਂ ਬਾਅਦ ਭਾਰਤ ਅਤੇ ਦਖਣ-ਪੂਰਬੀ ਏਸ਼ੀਆਈ ਦੇਸ਼ਾਂ ਦੀਆਂ ਜਥੇਬੰਦੀਆਂ ਆਸਿਆਨ ਵਿਚਕਾਰ ਦੋ ਪੱਖੀ ਵਪਾਰ 43 ਫ਼ੀ ਸਦੀ ਵੱਧ ਕੇ 79.8 ਡਾਲਰ ਪੁੱਜ ਗਿਆ ਹੈ।