ਕਾਲਾਂਵਾਲੀ, 31 ਅਗੱਸਤ (ਜਗਤਾਰ ਸਿੰਘ) : ਕਾਲਾਂਵਾਲੀ ਦੀ ਪੁਰਾਣੀ ਮੰਡੀ ਵਿਚ ਜਨ ਸਿਹਤ ਵਿਭਾਗ ਦੀ ਲਾਪ੍ਰਵਾਹੀ ਦੇ ਕਾਰਨ ਸ਼੍ਰੀ ਦੁਰਗਾ ਮੰਦਰ ਖੇਤਰ ਵਿਚ ਸੀਵਰੇਜ ਦਾ ਗੰਦਾ ਪਾਣੀ ਬਾਹਰ ਨਿਕਲ ਕੇ ਪਿਛਲੇ ਤਿੰਨ ਦਿਨਾਂ ਤੋਂ ਸੜਕਾਂ ਉਪਰ ਜਮਾ ਹੋ ਜਾਣ ਨਾਲ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ ਅਤੇ ਵਾਤਾਵਰਣ ਦੂਸ਼ਿਤ ਹੋਣ ਨਾਲ ਬੀਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਖੇਤਰ ਦੀ ਸੜਕਾਂ ’ਤੇ ਪਾਣੀ ਜਮਾ ਹੋਣ ਨਾਲ ਦੋ ਨਿੱਜੀ ਸਕੂਲਾਂ ਨੂੰ ਛੁੱਟੀਆਂ ਕਰਨੀਆਂ ਪਈਆਂ ਹਨ। ਜਨ ਸਿਹਤ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਦਾਦੂ ਰੋਡ ’ਤੇ ਸੀਵਰੇਜ ਦਾ ਪਾਣੀ ਓਵਰ ਫਲੋ ਹੋਣ ਨਾਲ ਸ਼੍ਰੀ ਦੁਰਗਾ ਮੰਦਰ ਵਾਲੀ ਗਲੀ, ਭਾਰਤੀ ਸਕੂਲ ਵਾਲੀ ਗਲੀ, ਐਸ.ਐਸ.ਜੈਨ ਸਭਾ ਵਾਲੀ ਗਲੀ, ਮਾਡਰਨ ਸਕੂਲ ਵਾਲੀ ਗਲੀ ਵਿਚ ਇਕ ਤੋਂ ਦੋ ਫੁੱਟ ਤੱਕ ਗੰਦਾ ਪਾਣੀ ਜਮਾ ਹੋ ਗਿਆ ਜਿਸ ਕਾਰਣ ਲੋਕਾਂ ਨੂੰ ਆਪਣੇ ਘਰਾਂ ਵਿਚ ਨਿਕਲਣਾ ਦੁੱਭਰ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਗੰਦੇ ਪਾਣੀ ਨਾਲ ਇਸ ਮੁਹੱਲੇ ਵਿਚ ਬੀਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਖੇਤਰ ਵਿਚ ਗੰਦਾ ਪਾਣੀ ਜਮਾਂ ਹੋ ਜਾਣ ਨਾਲ ਦੋ ਨਿੱਜੀ ਸਕੂਲਾਂ ਨੇ ਬੱਚਿਆਂ ਨੂੰ ਛੁੱਟੀਆਂ ਕਰਨੀਆਂ ਬੇਹੱਤਰ ਸਮਝੀਆਂ ਹਨ ਕਿਉਂਕਿ ਇਸ ਤੋਂ ਪਹਿਲਾਂ ਬੱਚਿਆਂ ਦੇ ਮਾਪੇ ਗੰਦੇ ਪਾਣੀ ਵਿਚੋਂ ਲੰਘ ਕੇ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਜਾਂਦੇ ਸਨ। ਇਸ ਤੋਂ ਇਲਾਵਾ ਸ਼੍ਰੀ ਦੁਰਗਾ ਮੰਦਰ ਅਤੇ ਸ਼੍ਰੀ ਗੀਤਾ ਭਵਨ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਵਰੇਜ ਦਾ ਗੰਦਾ ਪਾਣੀ ਸੜਕਾਂ ’ਤੇ ਜਮਾ ਹੈ ਪਰ ਇਸ ਦੇ ਬਾਵਜੂਦ ਵੀ ਜਨ ਸਿਹਤ ਵਿਭਾਗ ਦਾ ਕੋਈ ਕਰਮਚਾਰੀ ਜਾਂ ਅਧਿਕਾਰੀ ਇਸ ਦਾ ਮੁਆਇਨਾ ਕਰਨ ਨਹੀਂ ਆਇਆ। ਜਿਸ ਕਰਕੇ ਲੋਕਾਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਖੇਤਰ ਦੇ ਵਾਸੀਆਂ ਓਮ ਪ੍ਰਕਾਸ਼, ਜਗਦੀਸ਼ ਜੈਨ, ਮਨੋਜ ਕੁਮਾਰ, ਸੰਦੀਪ ਜੈਨ, ਤਰਸੇਮ ਕੁਮਾਰ, ਵਿਨੋਦ ਕੁਮਾਰ ਆਦਿ ਨੇ ਕਿਹਾ ਕਿ ਜੇਕਰ ਜਨ ਸਿਹਤ ਵਿਭਾਗ ਨੇ ਇਸ ਸਮੱਸਿਆ ਦਾ ਹੱਲ ਤੁਰਤ ਨਾ ਕੀਤਾ ਤਾਂ ਉਹ ਇਸ ਦੇ ਵਿਰੁਧ ਰੋਸ਼ ਪ੍ਰਦਰਸ਼ਨ ਕਰਨਗੇ। ਦੂਜੇ ਪਾਸੇ ਜਨ ਸਿਹਤ ਵਿਭਾਗ ਦੇ ਜੇ.ਈ. ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਸੀਵਰੇਜ ਦੀ ਸਫਾਈ ਲਈ ਮਸ਼ੀਨ ਮੰਗਵਾਈ ਗਈ ਹੈ ਅਤੇ ਮਸ਼ੀਨ ਆਉਣ ’ਤੇ ਸੀਵਰੇਜ ਦੀ ਸਫਾਈ ਕਰਕੇ ਇਸ ਸਮੱਸਿਆ ਨੂੰ ਹੱਲ ਕਰ ਦਿੱਤਾ ਜਾਵੇਗਾ।
ਫੋਟੋ : 31ਕਾਲਾਂਵਾਲੀ02.ਜੇਪੀਜੀ : ਕਾਲਾਂਵਾਲੀ ਦੀ ਸ਼੍ਰੀ ਦੁਰਗਾ ਮੰਦਰ ਵਾਲੀ ਗਲੀ ਵਿਚ ਜਮਾ ਸੀਵਰੇਜ ਦਾ ਗੰਦਾ ਪਾਣੀ। ਫੋਟੋ : ਜਗਤਾਰ ਸਿੰਘ