ਨਵੀਂ ਦਿੱਲੀ, 29 ਅਗੱਸਤ: ਭਾਰਤੀ ਟੀਮ ਨਹਿਰੂ ਕੱਪ ਫ਼ੁਟਬਾਲ ਟੂਰਨਾਮੈਂਟ ਦੇ ਸ਼ੁਰੂਆਤੀ ਦੋ ਮੈਚਾਂ ਵਿਚ ਜਿੱਤ ਦੀ ਸ਼ਾਨਦਾਰ ਮੁਹਿੰਮ ਨੂੰ ਬਰਕਰਾਰ ਨਹੀਂ ਰੱਖ ਸਕੀ ਅਤੇ ਉਸ ਨੂੰ ਅੱਜ ਇਥੇ ਨੇਪਾਲ ਵਿਰੁਧ ਗੋਲਰਹਿਤ ਬਰਾਬਰੀ ’ਤੇ ਸਬਰ ਕਰਨਾ ਪਿਆ। ਭਾਰਤੀ ਕੋਚ ਕਿਮ ਕੋਵਰਮੈਂਸ ਨੇ ਕਲ ਮੈਚ ਦੀ ਪੂਰਬਲੀ ਸ਼ਾਮ ਅਪਣੇ ਖਿਡਾਰੀਆਂ ਨੂੰ ਨੇਪਾਲ ਵਿਰੁਧ ਆਤਮਮੁਗਧ ਨਾ ਹੋਣ ਦੀ ਚਿਤਾਵਨੀ ਦਿਤੀ ਸੀ ਅਤੇ ਅੱਜ ਨੇਪਾਲੀ ਟੀਮ ਨੇ ਉਹੋ ਜਿਹੀ ਹੀ ਖੇਡ ਦਿਖਾਂਦੇ ਹੋਏ ਭਾਰਤੀ ਟੀਮ ਨੂੰ ਗੋਲ ਨਹੀਂ ਕਰਨ ਦਿਤਾ। ਇਸ ਤਰ੍ਹਾਂ ਭਾਰਤ (168) ਦੇ ਹੁਣ ਤਿੰਨ ਮੈਚਾਂ ਵਿਚ ਸੱਤ ਅੰਕ ਹੋ ਗਏ ਹਨ। ਪਹਿਲੇ ਅੱਧ ਵਿਚ ਕੋਈ ਗੋਲ ਨਹੀਂ ਹੋਇਆ ਪਰ ਨੇਪਾਲੀ ਟੀਮ ਨੇ ਹਮਲਾਵਰ ਸ਼ੁਰੂਆਤ ਕਰ ਕੇ ਮੇਜ਼ਬਾਨ ਟੀਮ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ ਜਿਸ ਕਾਰਨ ਮੈਦਾਨ ਤੋਂ ਬਾਹਰ ਬੈਠੇ ਕੋਵਰਮੈਂਸ ਵੀ ਚਿੰਤਤ ਦਿੱਖ ਰਹੇ ਸਨ ਕਿਉਂਕਿ ਉਨ੍ਹਾਂ ਦੀ ਰਣਨੀਤੀ ਕਾਰਗਰ ਨਹੀਂ ਹੋ ਰਹੀ ਸੀ। ਭਾਰਤੀ ਟੀਮ ਨੇ ਪਹਿਲੇ ਅੱਧ ਵਿਚ ਵਿਰੋਧੀ ਟੀਮ ਦੀ ਤੁਲਣਾ ਵਿਚ 13 ਫ਼ਾਊਲ ਕੀਤੇ ਜਦ ਕਿ ਨੇਪਾਲੀ (162) ਟੀਮ ਨੇ ਛੇ ਗ਼ਲਤੀਆਂ ਕੀਤੀ। ਕਪਤਾਨ ਸੁਨੀਲ ਛੇਤਰੀ ਦੀ ਟੀਮ ਨੂੰ ਕੇਵਲ ਇਕ ਕਾਰਨਰ ਜਦ ਕਿ ਨੇਪਾਲ ਨੂੰ ਛੇ ਕਾਰਨਰ ਮਿਲੇ। ਮੈਚ ਤੋਂ ਪਹਿਲਾਂ ਹੋਈ ਤੇਜ਼ ਬਰਸਾਤ ਕਾਰਨ ਮੈਚ ਅੱਧਾ ਘੰਟਿਆ ਦੇਰੀ ਨਾਲ ਸ਼ੁਰੂ ਹੋਇਆ। ਦੂਜੇ ਅੱਧ ਵਿਚ ਭਾਰਤੀ ਟੀਮ ਨੇ ਪਹਿਲੇ ਅੱਧ ਤੋਂ ਕਿਤੇ ਵਧੀਆ ਖੇਡੀ ਅਤੇ ਨੇਪਾਲੀ ਟੀਮ ਦੀ ਥਕਾਨ ਦਾ ਫ਼ਾਇਦਾ ਲੈਂਦੇ ਹੋਏ ਕਈ ਕੋਸ਼ਿਸ਼ਾਂ ਕੀਤੀਆਂ। ਨੇਪਾਲੀ ਗੋਲਕੀਪਰ ਕਿਰਨ ਚੇਮਜੋਂਗ ਨੇ ਮੈਚ ਵਿਚ ਵਧੀਆ ਪ੍ਰਦਰਸ਼ਨ ਲਈ ‘ਮੈਨ ਆਫ਼ ਦ ਮੈਚ’ ਚੁਣਿਆ ਗਿਆ। ਹੁਣ ਭਾਰਤ 31 ਅਗੱਸਤ ਨੂੰ ਅਪਣੇ ਅੰਤਮ ਲੀਗ ਮੁਕਾਬਲੇ ਵਿਚ ਕੈਮਰੂਨ ਨਾਲ ਭਿੜੇਗਾ। (ਏਜੰਸੀ)