ਨਵੀਂ ਦਿੱਲੀ, 29 ਅਗੱਸਤ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਲੰਮਂੇ ਸਮੇਂ ਬਾਅਦ ਭਾਰਤੀ ਟੀਮ ਵਿਚ ਵਾਪਸੀ ਕਰਨ ਵਾਲੇ ਆਫ਼ ਸਪਿਨ ਗੇਂਦਬਾਜ ਹਰਭਜਨ ਸਿੰਘ ਖੇਡ ਦੇ ਤਿੰਨਾਂ ਰੂਪਾਂ ਦੇ ਲਾਇਕ ਹਨ। ਹਰਭਜਨ ਨੂੰ ਹਾਲ ਹੀ ਵਿਚ ਟਵੇਂਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਗਾਂਗੁਲੀ ਅਨੁਸਾਰ ਚੋਣ ਕਰਤਾਵਾਂ ਨੂੰ ਹਰਭਜਨ ਨੂੰ ਟੈਸਟ ਅਤੇ ਇਕ ਰੋਜ਼ਾ ਟੀਮ ਵਿਚ ਵੀ ਥਾਂ ਦੇਣੀ ਚਾਹੀਦੀ ਹੈ। ਗਾਂਗੁਲੀ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਉਹ ਅਜੇ ਵੀ ਦੇਸ਼ ਦੇ ਸਰਵੋਤਮ ਤਿੰਨ ਸਪਿਨਰਾਂ ਵਿਚ ਸ਼ਾਮਲ ਹਨ। ਲੰਮੇਂ ਸਮੇਂ ਤਕ ਉਨ੍ਹਾਂ ਨੂੰ ਟੀਮ ਤੋਂ ਬਾਹਰ ਨਹੀਂ ਰੱਖਿਆ ਜਾਣਾ ਚਾਹੀਦਾ। ਜਿਸ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ 700 ਵਿਕਟ ਅਪਣੇ ਨਾਮ ਕੀਤੇ ਹਨ, ਉਸ ਨੂੰ ਹਰ ਇਕ ਟੀਮ ਵਿਚ ਹੋਣਾ ਚਾਹੀਦਾ ਹੈ। ਗਾਂਗੁਲੀ ਦਾ ਕਹਿਣਾ ਹੈ ਕਿ ਚੋਣਕਰਤਾ ਭੱਜੀ ਦੇ ਮਾਮਲੇ ਨਾਲ ਹੋਰ ਬਿਹਤਰ ਢੰਗ ਨਾਲ ਨਿਪਟ ਸਕਦੇ ਸਨ। ਉਹ ਭੱਜੀ ਨੂੰ ਕਹਿੰਦੇ ਕਿ ਅਸੀ ਤੁਹਾਨੂੰ ਅਪਣੀ ਗੇਂਦਬਾਜ਼ੀ ਵਿਚ ਸੁਧਾਰ ਲਈ ਛੇ ਮਹੀਨੇ ਦਾ ਸਮਾਂ ਦੇ ਰਹੇ ਹਾਂ । 14 ਸਾਲਾਂ ਤਕ ਦੇਸ਼ ਲਈ ਖੇਡਣ ਤੋਂ ਬਾਅਦ ਇਕ ਸੈਸ਼ਨ ਵਿਚ ਹੋ ਸਕਦਾ ਹੈ ਕਿ ਤੁਹਾਡਾ ਪ੍ਰਦਰਸ਼ਨ ਵਧੀਆ ਨਾ ਹੋਵੇ। (ਏਜੰਸੀ)