ਨਵੀਂ ਦਿੱਲੀ, 29 ਅਗੱਸਤ: ਉਲੰਪਿਕ ਦੇ ਹੀਰੋ ਨਿਸ਼ਾਨੇਬਾਜ਼ ਵਿਜੇ ਕੁਮਾਰ ਅਤੇ ਪਹਿਲਵਾਨ ਯੋਗੇਸ਼ਵਰ ਦੱਤ ਨੂੰ ਅੱਜ ਰਾਸ਼ਟਰਪਤੀ ਪ੍ਰਣਬ ਮੁਖਰਜੀ ਵਲੋਂ ਦੇਸ਼ ਦੇ ਸੱਭ ਤੋਂ ਵੱਡੇ ਖੇਡ ਇਨਾਮ ‘ਰਾਜੀਵ ਗਾਂਧੀ ਖੇਲ ਰਤਨ’ ਨਾਲ ਸਨਮਾਨਤ ਕੀਤਾ ਗਿਆ ਜਦਕਿ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਸਮੇਤ 25 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਨਾਲ ਨਵਾਜਿਆ ਗਿਆ । ਇਸ ਤੋਂ ਇਲਾਵਾ ਵਖੋ ਵੱਖ ਖੇਡਾਂ ਨਾਲ ਜੁੜੇ ਕੋਚਾਂ ਨੂੰ ਦਰੋਂਣਾਚਾਰੀਆ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਹ ਇਨਾਮ ਵੰਡ ਸਮਾਰੋਹ ਰਾਸ਼ਟਰਪਤੀ ਭਵਨ ਵਿਚ ਹੋਇਆ। ਰਾਸ਼ਟਰਪਤੀ ਇਸ ਤੋਂ ਇਲਾਵਾ ਧਿਆਨਚੰਦ ਅਤੇ ਤੇਨਜਿੰਗ ਨੋਰਗੇ ‘ਰਾਸ਼ਟਰੀ ਸਾਹਸਿਕ ਪੁਰਸਕਾਰ’ ਵੀ ਪ੍ਰਦਾਨ ਕਰਨਗੇ। ਰਾਸ਼ਟਰੀ ਖੇਡ ਪੁਰਸਕਾਰ ਹਰ ਸਾਲ ਦਿਤੇ ਜਾਂਦੇ ਹਨ। ਪਿਸਤੌਲ ਨਿਸ਼ਾਨੇਬਾਜ਼ ਵਿਜੇ ਨੇ ਲੰਦਨ ਉਲੰਪਿਕ ਵਿਚ ਚਾਂਦੀ ਦਾ ਤਮਗ਼ਾ ਜਦ ਕਿ ਪਹਿਲਵਾਨ ਯੋਗੇਸ਼ਵਰ ਨੇ ਕਾਂਸੀ ਦਾ ਤਮਗ਼ਾ ਜਿੱਤਿਆ ਸੀ। ਉਨ੍ਹਾਂ ਨੂੰ ‘ਖੇਲ ਰਤਨ’ ਲਈ ਇਕ ਤਮਗ਼ਾ, ਪ੍ਰਸ਼ੰਸਾ ਪੱਤਰ ਅਤੇ 7.5 ਲੱਖ ਰੁਪਏ ਦਾ ਨਕਦ ਇਨਾਮ ਦਿਤਾ ਗਿਆ। ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਯੁਵਰਾਜ ਸਿੰਘ ਨੇ ਕੈਂਸਰ ਦੀ ਖ਼ਤਰਨਾਕ ਬੀਮਾਰੀ ਨਾਲ ਨਿਪਟ ਕੇ ਰਾਸ਼ਟਰੀ ਟੀਮ ਵਿਚ ਵਾਪਸੀ ਕੀਤੀ ਹੈ। ਇਸ ਇਨਾਮ ਵਿਚ ਅਰਜੁਨ ਦਾ ਬੁੱਤ, ਪ੍ਰਸ਼ੰਸਾ ਪੱਤਰ, ਪੋਸ਼ਾਕ ਅਤੇ ਪੰਜ ਲੱਖ ਨਕਦ ਮਿਲਦਾ ਹੈ। ਦਰੋਂਣਾਚਾਰੀਆ ਪੁਰਸਕਾਰ ’ਚ ਇਕ ਫਲਕ, ਪ੍ਰਸ਼ੰਸਾ ਪੱਤਰ, ਪੋਸ਼ਾਕ ਅਤੇ ਪੰਜ ਲੱਖ ਦਾ ਨਕਦ ਇਨਾਮ ਦਿਤਾ ਜਾਂਦਾ ਹੈ। ਚਾਰ ਖਿਡਾਰੀਆਂ ਨੂੰ ਧਿਆਨਚੰਦ ਇਨਾਮ ਦਿਤਾ ਜਾਵੇਗਾ ਜਿਸ ਵਿਚ ਉਨ੍ਹਾਂ ਨੂੰ ਪੰਜ ਲੱਖ ਨਕਦ, ਇਕ ਫਲਕ ਅਤੇ ਪ੍ਰਸ਼ੰਸਾ ਪੱਤਰ ਮਿਲਦਾ ਹੈ। ਚਾਰ ਵਿਅਕਤੀਆਂ ਨੂੰ ‘ਤੇਨਜਿੰਗ ਨੋਰਗੇ ਰਾਸ਼ਟਰੀ ਸਾਹਸਿਕ ਪੁਰਸਕਾਰ’ ਨਾਲ ਸਨਮਾਨਤ ਕੀਤਾ ਗਿਆ ਜਿਸ ’ਚ ਉਨ੍ਹਾਂ ਨੂੰ ਬੁੱਤ, ਪ੍ਰਮਾਣ ਪੱਤਰ ਅਤੇ ਪੰਜ ਲੱਖ ਰੁਪਏ ਦਾ ਨਕਦ ਇਨਾਮ ਮਿਲਿਆ। (ਏਜੰਸੀ)