ਅਜੀਤਗੜ੍ਹ, 29 ਅਗੱਸਤ (ਸਤਵਿੰਦਰ ਸਿੰਘ ਧੜਾਕ): ਪੰਜਾਬ ਦੇ ਮਿਹਨਤਕਸ਼ ਲੋਕਾਂ ਨੇ ਹਮੇਸ਼ਾ ਅਪਣੀ ਮਿਹਨਤ ਤੇ ਅਕਲ ਨਾਲ ਦੁਨੀਆਂ ਭਰ’’ਚ ਸਫ਼ਲਤਾ ਦੇ ਝੰਡੇ ਬੁਲੰਦ ਕੀਤੇ ਹਨ ਪਰ ਮਾੜੀ ਗੱਲ ਇਹ ਹੈ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਪਸੰਦ ਨਹੀਂ। ਪੰਜਾਬੀਆਂ ’ਤੇ ਖ਼ਾਸ ਕਰ ਕੇ ਸਿੱਖਾਂ ਨਾਲ ਕਾਂਗਰਸ ਨੇ ਹਮੇਸ਼ਾਂ ਇਸ ਤਰ੍ਹਾਂ ਦਾ ਸਲੂਕ ਕੀਤਾ ਜਿਵੇਂ ਉਹ ਭਾਰਤ ਦੇ ਨਾ ਹੋ ਕੇ ਅਫ਼ਗਾਨਿਸਤਾਨ ਦੇ ਵਾਸੀ ਹੋਣ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਬਲਵੰਤ ਸਿੰਘ ਰਾਮੂੰਵਾਲੀਆ ਨੇ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰ. ਰਾਮੂਵਾਲੀਆ ਨੇ ਕਿਹਾ ਕਿ ਅੱਜ ਗੁਜਰਾਤ ਦੀ ਵਿਸ਼ੇਸ਼ ਅਦਾਲਤ ਨੇ ਗੁਜਰਾਤ ਦੇ 2002 ਦੰਗਿਆਂ ਲਈ ਉਥੋਂ ਦੀ ਸਾਬਕਾ ਮੰਤਰੀ ਮਾਇਆ ਬੇਨ ਕੁਡਨਾਨੀ ਸਮੇਤ 32 ਵਿਅਕਤੀਆਂ ਨੂੰ ਦੋਸ਼ੀ ਕਰਾਰ ਦੇ ਦਿਤਾ ਹੈ ਜਿਸ ਨਾਲ ਪੀੜਿਤ ਪਰਵਾਰਾਂ ਨੂੰ ਰਾਹਤ ਮਿਲੀ ਹੈ ਪਰ ਪਿਛਲੇ 28 ਸਾਲਾਂ ਤੋਂ ਦਿੱਲੀ ਅਤੇ ਹੋਰ ਰਾਜਾਂ ਵਿਚ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੀੜਤ ਪਰਵਾਰ ਲੇਲੜੀਆਂ ਕੱਢ ਰਹੇ ਹਨ। ਕੇਂਦਰ ਦੀ ਕਾਂਗਰਸ ਸਰਕਾਰ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਲਟਾ ਉਨ੍ਹਾਂ ਨੂੰ ਬਚਾਉਣ ’ਤੇ ਸਾਰਾ ਤਾਣ ਲਗਾ ਰਹੀ ਹੈ। ਸ੍ਰ: ਰਾਮੂਵਾਲੀਆ ਨੇ ਕਿਹਾ ਕਿ ਇਸ ਤੋਂ ਬਦਕਿਸਮਤੀ ਵਾਲੀ ਗੱਲ ਕੀ ਹੋਵੇਗੀ, ਗਲਾਂ ’ਚ ਟਾਇਰ ਪਾ ਕੇ ਵਿਅਕਤੀਆਂ ਨੂੰ ਸਾੜਨ, ਔਰਤਾਂ ਅਤੇ ਬੱਚਿਆਂ ਨਾਲ ਹੈਵਾਨੀਅਤ ਦਾ ਨੰਗਾ ਨਾਚ ਦਾ ਤਾਂਡਵ ਕਰ ਕੇ ਤਬਾਹੀ ਮਚਾਉਣ ਵਾਲਿਆਂ ਨੂੰ ਮੰਤਰੀ ਅਹੁਦੇ ਅਤੇ ਹੋਰ ਉਚ ਅਹੁਦੇ ਦੇ ਕੇ ਨਿਵਾਜ਼ਦੀ ਰਹੀ। ਉਨ੍ਹਾਂ ਕਿਹਾ ਕਿ ਇਸ ਦੀ ਤਾਜ਼ਾ ਉਦਾਹਰਨ ਜਗਦੀਸ਼ ਟਾਈਟਲਰ ਵਰਗੇ ਐਲਾਨੀਆ ਦੋਸ਼ੀ ਨੂੰ ਉਲੰਪਿਕ ਖੇਡਾਂ ਦੀ ਨੁਮਾਇੰਦਗੀ ’ਚ ਨਾਮ ਲਿਖ ਕੇ ਇਹ ਸਾਬਤ ਕਰ ਦਿਤਾ ਕਿ ਸਿੱਖਾਂ ਦੀਆਂ ਭਾਵਨਾ ਨਾਲ ਕਾਂਗਰਸ ਨੂੰ ਕੋਈ ਸਰੋਕਾਰ ਨਹੀ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸ੍ਰ:ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਪੀੜਤ ਪਰਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਸ੍ਰ: ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਉਹ ਵੀ ਗੁਜਰਾਤ ਵਾਂਗ ਵਿਸ਼ੇਸ਼ ਅਦਾਲਤ ਦਾ ਗਠਨ ਕਰ ਕੇ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਠੋਸ ਕਦਮ ਚੁੱਕ ਕੇ ਪ੍ਰਧਾਨ ਮੰਤਰੀ ਦੇ ਫ਼ਰਜ਼ ਪੂਰੇ ਕਰਨ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਜਨਰਲ ਸਕੱਤਰ ਸ੍ਰ ਰਮਨਦੀਪ ਸਿੰਘ ਭਰੋਵਾਲ, ਮੀਤ ਪ੍ਰਧਾਨ ਸ੍ਰ ਸੁਖਵਿੰਦਰ ਸਿੰਘ ਬਰਾੜ, ਜਥੇਦਾਰ ਬਲਜੀਤ ਸਿੰਘ ਕੁੰਭੜਾ ਆਦਿ ਹਾਜ਼ਰ ਸਨ।