ਨਵੀਂ ਦਿੱਲੀ, 29 ਅਗੱਸਤ : ਰਾਸ਼ਟਰਪਤੀ ਪ੍ਰਣਬ ਮੁਖਰਜੀ ਕੋਲ ਇਸ ਵੇਲੇ ਰਹਿਮ ਦੀਆਂ 11 ਅਪੀਲਾਂ ਨਿਪਟਾਰੇ ਅਧੀਨ ਪਈਆਂ ਹਨ। ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਦੀ ਇਕੋ ਇਕ ਫ਼ਾਈਲ ਗ੍ਰਹਿ ਮੰਤਰਾਲੇ ਕੋਲ ਪਈ ਹੈ, ਜਦਕਿ ਬਾਕੀ ਦੀਆਂ ਸਾਰੀਆਂ ਅਪੀਲਾਂ ਰਾਸ਼ਟਰਪਤੀ ਭਵਨ ਵਿਚ ਪਈਆਂ ਹਨ ਜਿਨ੍ਹਾਂ ਵਿਚ ਸੰਸਦ ’ਤੇ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਦੀ ਅਪੀਲ ਵੀ ਸ਼ਾਮਲ ਹੈ। ਸੂਚਨਾ ਅਧਿਕਾਰ ਐਕਟ ਅਧੀਨ ਮੰਗੀ ਗਈ ਜਾਣਕਾਰੀ ਵਿਚ ਸੁਭਾਸ਼ ਅਗਰਵਾਲ ਨੂੰ ਦਸਿਆ ਗਿਆ ਹੈ ਕਿ ਗ੍ਰਹਿ ਮੰਤਰਾਲੇ ਨੇ 2009-12 ਦੌਰਾਨ ਰਾਸ਼ਟਰਪਤੀ ਭਵਨ ਤੋਂ 26 ਰਹਿਮ ਦੀਆਂ ਅਪੀਲਾਂ ਮੰਗਵਾ ਕੇ ਉੁਨ੍ਹਾਂ ’ਤੇ ਅਪਣੀ ਰਾਏ ਦਿਤੀ ਸੀ। ਇਸ ਵਿਚ ਦਸਿਆ ਗਿਆ ਹੈ ਕਿ ਗ੍ਰਹਿ ਮੰਤਰਾਲੇ ਦੀ ਰਾਏ ਪਿਛੋਂ ਇਹ ਫ਼ਾਈਲਾਂ ਰਾਸ਼ਟਰਪਤੀ ਭਵਨ ਮੁੜ ਭੇਜੀਆਂ ਗਈਆਂ ਤਾਂ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਇਨ੍ਹਾਂ ਵਿਚੋਂ 18 ਮਾਮਲਿਆਂ ਦਾ ਨਿਪਟਾਰਾ ਕਰ ਦਿਤਾ। ਬਾਕੀ ਦੇ ਅੱਠ ਮਾਮਲੇ ਅਜੇ ਵੀ ਰਾਸ਼ਟਰਪਤੀ ਦਫ਼ਤਰ ਵਿਚ ਪਏ ਹਨ। ਇਹ ਵੀ ਦਸਿਆ ਗਿਆ ਹੈ ਕਿ ਅਫ਼ਜ਼ਲ ਗੁਰੂ ਸਮੇਤ ਤਿੰਨ ਫ਼ਾਈਲਾਂ ਰਾਸ਼ਟਰਪਤੀ ਕੋਲ ਫ਼ੈਸਲੇ ਲਈ ਭੇਜੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਲਈ ਚੰਡੀਗੜ੍ਹ ਦੀ ਇਕ ਅਦਾਲਤ ਨੇ ਫਾਂਸੀ ਦੀ ਤਰੀਕ ਦਾ ਐਲਾਨ ਵੀ ਕਰ ਦਿਤਾ ਸੀ ਪਰ ਪੰਜਾਬ ਦੇ ਹਾਲਾਤ ਨੂੰ ਵੇਖਦਿਆਂ ਪੰਜਾਬ ਸਰਕਾਰ ਵਲੋਂ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਪਾਈ ਗਈ ਸੀ ਜਿਸ ’ਤੇ ਅਜੇ ਵਿਚਾਰ ਹੋਣਾ ਬਾਕੀ ਹੈ। ਹਾਲਾਂਕਿ ਭਾਈ ਰਾਜੋਆਣਾ ਨੇ ਅਪਣੇ ਵਲੋਂ ਕੋਈ ਰਹਿਮ ਦੀ ਅਪੀਲ ਨਹੀਂ ਪਾਈ। (ਪੀ.ਟੀ.ਆਈ.)