ਅਹਿਮਦਾਬਾਦ, 29 ਅਗੱਸਤ : ਨਰੋਦਾ ਪਾਟੀਆ ਕਤਲ ਕਾਂਡ ’ਚ ਨਰਿੰਦਰ ਮੋਦੀ ਸਰਕਾਰ ਵਿਚ ਸਾਬਕਾ ਮੰਤਰੀ ਰਹੀ ਅਤੇ ਭਾਜਪਾ ਦੀ ਵਿਧਾਇਕ ਮਾਇਆ ਕੋਦਨਾਨੀ ਅਤੇ ਬਾਬੂ ਬਜਰੰਗੀ ਸਣੇ ਅਹਿਮਦਾਬਾਦ ਦੀ ਵਿਸ਼ੇਸ਼ ਅਦਾਲਤ ਨੇ 61 ਵਿਚੋਂ 32 ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦਿਤਾ ਹੈ ਜਦਕਿ ਬਾਕੀਆਂ ਨੂੰ ਬਰੀ ਕਰ ਦਿਤਾ ਗਿਆ ਹੈ। ਇਸ ਮਾਮਲੇ ਵਿਚ ਅਦਾਲਤ ਵਲੋਂ ਸਜ਼ਾ 31 ਅਗੱਸਤ ਨੂੰ ਸੁਣਾਈ ਜਾਵੇਗੀ। ਇਸ ਕਤਲ ਕਾਂਡ ਵਿਚ 97 ਲੋਕ ਮਾਰੇ ਗਏ ਸਨ। ਸਾਬਕਾ ਮੰਤਰੀ ਕੋਦਨਾਨੀ ਅਤੇ ਬਾਬੂ ਬਜਰੰਗੀ ਨੇ ਦੰਗਿਆਂ ਵਿਚ ਸ਼ਾਮਲ ਹੋਣ ਸਬੰਧੀ ਗੱਲ ਕਬੂਲ ਕੀਤੀ ਸੀ। ਇਸ ਮਾਮਲੇ ’ਚ 300 ਤੋਂ ਵੱਧ ਲੋਕਾਂ ਦੀ ਗਵਾਹੀ ਹੋ ਚੁੱਕੀ ਹੈ। ਰਾਜ ਦੀ ਵਿਰੋਧੀ ਪਾਰਟੀ ਕਾਂਗਰਸ ਨੇ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਨਰਿੰਦਰ ਮੋਦੀ ਤੋਂ ਅਸਤੀਫ਼ਾ ਮੰਗਿਆ ਹੈ। ਕਾਂਗਰਸ ਨੇ ਕਿਹਾ ਕਿ ਦੰਗਿਆਂ ਵਿਚ ਭਾਜਪਾ ਦੇ ਆਗੂ ਵੀ ਸ਼ਾਮਲ ਸਨ। ਗੁਜਰਾਤ ਸਰਕਾਰ ਦੇ ਬੁਲਾਰੇ ਜੈਨਰਾਇਣ ਵਿਆਸ ਨੇ ਕਿਹਾ ਕਿ ਕੋਈ ਵਿਧਾਇਕ ਰਾਜ ਸਰਕਾਰ ਦਾ ਹਿੱਸਾ ਨਹੀਂ ਹੁੰਦਾ। ਵਿਆਸ ਨੇ ਕਿਹਾ ਕਿ ਜਿਸ ਵਕਤ ਇਹ ਘਟਨਾ ਵਾਪਰੀ, ਉਸ ਸਮੇਂ ਮਾਇਆ ਕੋਡਨਾਨੀ ਮੰਤਰੀ ਨਹੀਂ ਸੀ ਅਤੇ ਨਰਿੰਦਰ ਮੋਦੀ ਦਾ ਨਾਂ ਬਿਨਾਂ ਕਾਰਨ ਇਸ ਮਾਮਲੇ ਵਿਚ ਘਸੀਟਿਆ ਜਾ ਰਿਹਾ ਹੈ। ਵਧੀਕ ਜੱਜ ਜੋਤਸਨਾ ਯਾਗਨਿਕ ਨੇ ਗੋਧਰਾ ਕਾਂਡ ਵਿਚ ਦੰਗੇ ਭੜਕਾਉਣ ਲਈ ਕੋਦਨਾਨੀ ਅਤੇ ਬਾਬੂ ਬਜਰੰਗੀ ਵਿਰੁਧ ਧਾਰਾ 120ਬੀ ਅਤੇ 302 ਤਹਿਤ 32 ਲੋਕਾਂ ਨੂੰ ਦੋਸ਼ੀ ਕਰਾਰ ਦਿਤਾ ਹੈ ਜਦਕਿ ਇਸ ਮਾਮਲੇ ’ਚ 29 ਹੋਰ ਲੋਕਾਂ ਨੂੰ ਬਰੀ ਕਰ ਦਿਤਾ ਗਿਆ ਹੈ। ਇਸ ਮਾਮਲੇ ’ਚ 62 ਲੋਕਾਂ ਵਿਰੁਧ ਦੋਸ਼ ਆਇਦ ਕੀਤੇ ਗਏ ਸਨ। ਮੁਕੱਦਮੇ ਦੀ ਸੁਣਵਾਈ ਦੌਰਾਨ ਇਕ ਦੋਸ਼ੀ ਵਿਜੇ ਸ਼ੈਟੀ ਦੀ ਮੌਤ ਹੋ ਗਈ ਸੀ।
ਇਸ ਤੋਂ ਇਲਾਵਾ ਅਦਾਲਤ ਨੇ ਮੌਕੇ ਦੇ ਗਵਾਹਾਂ, ਪੀੜਤਾਂ, ਡਾਕਟਰਾਂ, ਪੁਲਿਸ ਕਰਮਚਾਰੀਆਂ, ਸਰਕਾਰੀ ਅਧਿਕਾਰੀਆਂ, ਫ਼ੋਰੈਂਸਿਕ ਮਾਹਰਾਂ, ਅਸ਼ੀਸ਼ ਖੇਤਾਨ ਅਤੇ ਕਈ ਪੱਤਰਕਾਰਾਂ ਕੋਲੋਂ ਗਵਾਹਾਂ ਵਜੋਂ ਪੁਛਗਿਛ ਕੀਤੀ ਸੀ। ਖੇਤਾਨ ਨੇ ਹੀ ਦੋਸ਼ੀਆਂ ਦੇ ਸਬੰਧ ਵਿਚ ਇਕ ਸਟਿੰਗ ਅਪਰੇਸ਼ਨ ਕਰਵਾਇਆ ਸੀ। ਗੁਜਰਾਤ ਪੁਲਿਸ ਨੇ ਸ਼ੁਰੂ ’ਚ ਇਸ ਮਾਮਲੇ ਵਿਚ ਪਹਿਲਾਂ 46 ਅਤੇ ਬਾਅਦ ’ਚ 24 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤਰ੍ਹਾਂ ਕੁਲ 70 ਬੰਦਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਛੇ ਬੰਦਿਆਂ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਜਦਕਿ ਦੋ ਹੋਰ ਦੋਸ਼ੀ ਮੋਹਨ ਨੇਪਾਲੀ ਅਤੇ ਤੇਜਸ ਪਾਠਕ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਫ਼ਰਾਰ ਹੋ ਚੁੱਕੇ ਹਨ। ਯਾਦ ਰਹੇ ਕਿ ਕੋਦਨਾਨੀ ਨੂੰ ਐਸ.ਆਈ.ਟੀ. ਨੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਮਾਰਚ 2009 ਵਿਚ ਮੋਦੀ ਸਰਕਾਰ ’ਚ ਔਰਤਾਂ ਅਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਸੀ। ਪਿਛਲੇ ਇਕ ਦਹਾਕੇ ’ਚ ਨਰੋਦਾ ਪਾਟੀਆ ਮਾਮਲੇ ਦੀ ਅੱਠ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਚੁੱਕੀ ਹੈ। (ਪੀ.ਟੀ.ਆਈ.)