ਖਰੜ, 28 ਅਗੱਸਤ (ਰਣਜੀਤ ਰਾਣਾ) : ਪੁਲਿਸ ਨੂੰ ਅੱਜ ਉਸ ਵੇਲੇ ਭਾਰੀ ਸਫ਼ਲਤਾ ਮਿਲੀ ਜਦੋਂ ਇਲਾਕੇ ਵਿਚ ਚੋਰੀਆਂ ਲਈ ਸਰਗਰਮ ਗਰੋਹ ਦੇ ਮੈਂਬਰ ਕਾਲਾ ਨੂੰ ਇੱਥੋਂ ਦੀ ਅਨਾਜ ਮੰਡੀ ਨੇੜੇ ਸ਼ੱਕੀ ਹਾਲਤ ਵਿਚ ਗ੍ਰਿਫ਼ਤਾਰ ਕੀਤਾ ਗਿਆ। ਚੋਰ ਗਰੋਹ ਦੇ ਸਰਗਨਾ ਗਿਆਨ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਜਿਸ ਨੇ 27 ਚੋਰੀਆਂ ਕਬੂਲੀਆਂ ਸਨ ਅਤੇ ਇਸ ਤੋਂ ਇਕ ਪਿਸਟਲ ਵੀ ਬਰਾਮਦ ਹੋਇਆ ਸੀ। ਥਾਣਾ ਸਿਟੀ ਖਰੜ ਦੇ ਐਸ. ਐਚ. ਵਿਜੈ ਕੁਮਾਰ ਨੇ ਦਸਿਆ ਕਿ ਸੂਚਨਾ ਦੇ ਆਧਾਰ ’ਤੇ ਇਨ੍ਹਾਂ ਚੋਰਾਂ ਜਿਨ੍ਹਾਂ ਵਿਚ ਸਰਗਨਾ ਗਿਆਨ ਪੁੱਤਰ ਟਹਿਲਾ ਸਿੰਘ, ਅਜੈ ਉਰਫ਼ ਛੋਟਾ ਪੰਜਾਬੀ ਅਤੇ ਕਾਲਾ ਪੁੱਤਰ ਗਣੇਸ਼ਾ ਵਾਸੀ ਢੇਹਾ ਕਾਲੌਨੀ ਅੰਬਾਲਾ ਵਿਰੁਧ ਮਿਤੀ 31-7-12 ਨੂੰ ਵੱਖ ਵੱਖ ਧਾਰਾਵਾਂ 454/457/380 ਅਧੀਨ ਮੁਕੱਦਮਾ ਨੰ: 138 ਦਰਜ ਕੀਤਾ ਗਿਆ ਸੀ ਅਤੇ ਪੁਲਿਸ ਇਨ੍ਹਾਂ ਦੀ ਭਾਲ ਕਰ ਰਹੀ ਹੈ। ਉਧਰ ਥਾਣਾ ਸਦਰ ਦੇ ਐਸ. ਐਚ. ਯੋਗੀ ਰਾਜ ਨੇ ਸੰਪਰਕ ਕਰਨ ’ਤੇ ਦਸਿਆ ਕਿ ਥਾਣਾ ਸਦਰ ਵਿਚ ਮੁਕੱਦਮਾ ਨੰ: 108 ਮਿਤੀ 13-7-12 ਅਧੀਨ ਵੀ ਇਨ੍ਹਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਸੀ ਜਿਸ ਵਿਚ ਇਨ੍ਹਾਂ ਨੇ ਗੁਲਮੋਹਰ ਕੰਪਲੈਕਸ ਵਿਚ ਰਹਿਣ ਵਾਲੀ ਇਕ ਅਧਿਆਪਕਾ ਜਿਸ ਨੇ ਅਪਣੇ ਭਤੀਜੇ ਦੇ ਵਿਆਹ ਲਈ ਅਪਣੇ ਘਰ ਵਿਚ ਗਹਿਣੇ ਅਤੇ ਨਕਦੀ ਰੱਖੀ ਹੋਈ ਸੀ, ਨੂੰ ਵੀ ਇਨ੍ਹਾਂ ਚੋਰਾਂ ਨੇ ਚੋਰੀ ਕਰ ਲਿਆ ਸੀ, ਲਈ ਲੋੜੀਂਦੇ ਸਨ। ਜ਼ਿਕਰਯੋਗ ਹੈ ਕਿ ਗਰੋਹ ਦੇ ਤੀਜੇ ਮੈਂਬਰ ਅਜੈ ਉਰਫ਼ ਛੋਟਾ ਪੰਜਾਬੀ ਨੂੰ ਅੰਬਾਲਾ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਜਿਸ ਨੂੰ ਕਿ ਖਰੜ ਪੁਲਿਸ ਵਲੋਂ ਪ੍ਰੋਟੈਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅੱਜ ਫੜੇ ਗਏ ਕਾਲਾ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜ ਦਿਤਾ।