ਨਵੀਂ ਦਿੱਲੀ, 28 ਅਗੱਸਤ : ਗੀਤਿਕਾ ਸ਼ਰਮਾ ਖ਼ੁਦਕੁਸ਼ੀ ਮਾਮਲੇ ਵਿਚ ਮੁੱਖ ਦੋਸ਼ੀ ਹਰਿਆਣਾ ਦੇ ਸਾਬਕਾ ਮੰਤਰੀ ਗੋਪਾਲ ਗੋਇਲ ਕਾਂਡਾ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿਤਾ। ਕਾਂਡਾ ਨੇ ਜੇਲ ਜਾਣ ਲਈ ਵਖਰੀ ਗੱਡੀ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਨੇ ਅੱਜ ਅਦਾਲਤ ਵਿਚ ਕਾਂਡਾ ਦਾ ਰਿਮਾਂਡ ਵਧਾਉਣ ਦੀ ਅਪੀਲ ਕੀਤੀ ਪਰ ਅਦਾਲਤ ਨੇ ਇਸ ਅਪੀਲ ਨੂੰ ਰੱਦ ਕਰਦਿਆਂ ਕਾਂਡਾ ਨੂੰ ਨਿਆਇਕ ਹਿਰਾਸਤ ਵਿਚ ਭੇਜਣ ਦਾ ਫ਼ੈਸਲਾ ਕੀਤਾ। ਜ਼ਿਕਰਯੋਗ ਹੈ ਕਿ ਪੁਲਿਸ ਨੂੰ ਕਾਂਡਾ ਦੇ ਸਾਥੀ ਤੇਜ ਅਤੇ ਵਿਨੋਦ ਬੰਸਲ ਤੋਂ ਪੁਛਗਿਛ ਕਰਨ ’ਤੇ ਕਾਂਡਾ ਨਾਲ ਸਬੰਧਤ ਕੁੱਝ ਜਾਣਕਾਰੀਆਂ ਮਿਲੀਆਂ ਹਨ।
ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਗੀਤਿਕਾ ਦੇ ਪਰਵਾਰਕ ਮੈਂਬਰਾਂ ਤੋਂ ਗੀਤਿਕਾ ਦੇ ਦੋਸਤ ਨੇਵੀ ਕੈਪਟਨ ਵਰੁਣ ਸਬੰਧੀ ਜਾਣਕਾਰੀ ਹਾਸਲ ਕਰ ਲਈ ਹੈ। ਪੁਲਿਸ ਵਰੁਣ ਦਾ ਈਮੇਲ ਆਈ. ਡੀ. ਅਤੇ ਫ਼ੋਨ ਨੰਬਰ ਵੀ ਹਾਸਲ ਕਰਨਾ ਚਾਹੁੰਦੀ ਹੈ ਤਾਕਿ ਛੇਤੀ ਤੋਂ ਛੇਤੀ ਉਸ ਤੋਂ ਪੁਛਗਿਛ ਕੀਤੀ ਜਾ ਸਕੇ। ਗੀਤਿਕਾ ਦਾ ਫ਼ੇਸਬੁਕ ਅਕਾਊਂਟ ਬੰਦ ਹੋਣ ਸਬੰਧੀ ਵੀ ਅਧਿਕਾਰੀ ਵਰੁਣ ਤੋਂ ਪੁਛਗਿਛ ਕਰਨਾ ਚਾਹੁੰਦੇ ਹਨ।
ਦੂਜੇ ਪਾਸੇ ਇਸ ਮਾਮਲੇ ਵਿਚ ਅਦਾਕਾਰਾ ਨੁਪੂਰ ਮਹਿਤਾ ਨੇ ਕਾਂਡਾ ਦੀਆਂ ਅਯਾਸ਼ੀਆਂ ਦਾ ਸਾਰਾ ਕੱਚਾ ਚਿੱਠਾ ਮੀਡੀਆ ਸਾਹਮਣੇ ਖੋਲ੍ਹ ਕੇ ਰੱਖ ਦਿਤਾ ਹੈ। ਇਕ ਅੰਗਰੇਜ਼ੀ ਨਿਊਜ਼ ਵੈਬਸਾਈਟ ਨਾਲ ਗੱਲਬਾਤ ਵਿਚ ਨੁਪੂਰ ਨੇ ਦਸਿਆ ਕਿ ਗੋਪਾਲ ਕਾਂਡਾ ਇਕ ਪਲੇਅ ਬੁਆਏ ਹੈ ਅਤੇ ਉਸ ਨੂੰ ਸੈਕਸੀ ਕੁੜੀਆਂ ਦੀ ਆਦਤ ਪੈ ਚੁੱਕੀ ਹੈ। ਉਸ ਦੀ ਦਿਲਚਸਪੀ ਖ਼ੂਬਸੂਰਤ ਔਰਤਾਂ ਵਿਚ ਸੀ। ਉਹ ਹਮੇਸ਼ਾ ਹੀ ਖ਼ੂਬਸੂਰਤ ਕੁੜੀਆਂ ਨਾਲ ਘਿਰਿਆ ਰਹਿਣਾ ਚਾਹੁੰਦਾ ਸੀ। ਇਹੀ ਕਾਰਨ ਸੀ ਉਸ ਨੇ ਅਪਣੀ ਐਮ. ਡੀ. ਐਲ. ਆਰ. ਏਅਰਲਾਈਨਜ਼ ਅਤੇ ਗੋਆ ਦੇ ਕੈਸੀਨੋ ਵਿਚ ਜ਼ਿਆਦਾਤਰ ਕੁੜੀਆਂ ਦੀ ਹੀ ਭਰਤੀ ਕੀਤੀ ਸੀ।
ਨੁਪੂਰ ਮੁਤਾਬਕ ਅਰੁਣ ਚੱਢਾ ਗੋਪਾਲ ਤਕ ਖ਼ੂਬਸੂਰਤ ਕੁੜੀਆਂ ਸਪਲਾਈ ਕਰਨ ਦਾ ਕੰਮ ਕਰਦੀ ਸੀ। ਅਰੁਣਾ ਅਜਿਹੇ ਕੰਟਰੈਕਟ ਤਿਆਰ ਕਰਵਾਉਂਦੀ ਸੀ ਜਿਸ ਵਿਚ ਲਿਖਿਆ ਹੁੰਦਾ ਸੀ ਕਿ ਕੁੜੀਆਂ ਨੂੰ ਕੰਮ ਖ਼ਤਮ ਕਰਨ ਤੋਂ ਬਾਅਦ ਸਿੱਧਾ ਕਾਂਡਾ ਨੂੰ ਰੀਪੋਰਟ ਕਰਨੀ ਹੈ। ਗੀਤਿਕਾ ਨਾਲ ਵੀ ਅਜਿਹਾ ਹੀ ਹੋਇਆ। ਨੁਪੂਰ ਨੇ ਦਸਿਆ ਕਿ ਕਾਂਡਾ ਨੇ ਉਸ ਨੂੰ ਵੀ ਅਪਣੇ ਜਾਲ ਵਿਚ ਫਸਾਉਣ ਲਈ ਉਸ ਨੂੰ ਗੁੜਗਾਉਂ ਵਿਚ ਇਕ ਫ਼ਲੈਟ ਤੋਹਫ਼ੇ ਵਜੋਂ ਦਿਤਾ। ਰੀਪੋਰਟ ਮੁਤਾਬਕ ਨੁਪੁੂਰ ਨੇ ਜਦੋਂ ਐਮ. ਡੀ. ਐਲ. ਆਰ. ਏਅਰਲਾਈਨਜ਼ ਨਾਲ ਕੰਮ ਕੀਤਾ ਉਦੋਂ ਉਹ ਉਸ ਫ਼ਲੈਟ ਵਿਚ ਰਹੀ ਅਤੇ ਫਿਰ 2009 ਵਿਚ ਨੌਕਰੀ ਛੱਡਣ ਤੋਂ ਬਾਅਦ ਉਸ ਨੂੰ ਫ਼ਲੈਟ ਵਿਚੋਂ ਕੱਢ ਦਿਤਾ ਗਿਆ। ਉੁਸ ਨੇ ਦਸਿਆ ਕਿ ਕਾਂਡਾ ਨੇ ਫ਼ਲੈਟ ਦੇ ਕਾ²ਗ਼ਜ਼ਾਂ ’ਤੇ ਦਸਤਖ਼ਤ ਕਰਨ ਲਈ ਉੁਨ੍ਹਾਂ ’ਤੇ ਦਬਾਅ ਬਣਾਇਆ ਸੀ ਪਰ ਨੁਪੂਰ ਨੇ ਕਾਂਡਾ ਤੋਂ ਤੋਹਫ਼ੇ ਵਿਚ ਕੋਈ ਵੀ ਫ਼ਲੈਟ ਲੈਣ ਤੋਂ ਮਨ੍ਹਾਂ ਕਰ ਦਿਤਾ ਸੀ। ਕਾਂਡਾ ਅਪਣੇ ਆਲੇ-ਦੁਆਲੇ ਮੌਜੂਦ ਔਰਤਾਂ ਨੂੰ ਕੀਮਤੀ ਤੋਹਫ਼ੇ ਦੇਂਦਾ ਸੀ। ਕਾਂਡਾ ਨੇ ਅੰਕਿਤਾ ਨੂੰ ਗੋਆ ਵਿਚ ਕਰੋੜਾਂ ਦੀ ਪ੍ਰਾਪਰਟੀ ਦਿਤੀ ਸੀ। ਨੁਪੂਰ ਨੇ ਜਿਸ ਸਮੇਂ ਐਮ. ਡੀ. ਐਲ. ਆਰ. ਨੂੰ ਛਡਿਆ, ਉਦੋਂ ਉਹ ਕੰਪਨੀ ਵਿਚ ਵਾਈਸ ਪ੍ਰੈਜ਼ੀਡੈਂਟ ਵਜੌਂ ਕੰਮ ਕਰਦੀ ਸੀ। ਉਸ ਨੇ 2006 ਵਿਚ ਕਮਿਊਨੀਕੇਸ਼ਨ ਅਫ਼ਸਰ ਵਜੋਂ ਕੰਪਨੀ ਨੂੰ ਜੁਆਇਨ ਕੀਤਾ ਸੀ। (ਏਜੰਸੀ)