ਨਵੀਂ ਦਿੱਲੀ, 28 ਅਗੱਸਤ (ਸੁਖਰਾਜ ਸਿੰਘ) : ਸਿੱਖ ਮਿਸ਼ਨ ਦਿੱਲੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਤ ਦੋ ਰੋਜਾ ਗੁਰਮਤਿ ਸਮਾਗਮ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਸਥਾਨਕ ਗੁਰਦਵਾਰਾ ਸਾਹਿਬ ਵਿਖੇ ਕੀਤਾ ਗਿਆ। ਸਿੱਖ ਮਿਸ਼ਨ ਦਿੱਲੀ ਦੇ ਉਪਰਾਲੇ ਸਦਕਾ ਦੋ-ਰੋਜ਼ਾ ਗੁਰਮਿਤ ਸਮਾਗਮ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜਥਾ ਭਾਈ ਕਮਲਜੀਤ ਸਿੰਘ ਅਤੇ ਗਿਆਨੀ ਸਵਿੰਦਰ ਸਿੰਘ ਭੰਗੂ ਦੇ ਢਾਡੀ ਜਥੇ ਨੇ ਗੁਰਬਾਣੀ ਅਤੇ ਗੁਰੂ ਇਤਿਹਾਸ ਨਾਲ ਜੋੜਿਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਅਨੁਸਾਰ ਚਲਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਭਾਈ ਅਜੀਤ ਸਿੰਘ ਨੇ ਸੰਗਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਬ-ਸਾਂਝੇ ਸਿਧਾਤ ਬਾਰੇ ਜਾਣਕਾਰੀ ਦਿੰਦਿਆਂ ਊਚ-ਨੀਚ ਅਤੇ ਜਾਤ-ਪਾਤ ਨੂੰ ਤਿਆਗ ਕੇ ਮਾਨਵਤਾ ਦੇ ਭਲੇ ਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਨੂੰ ਅਪਨਾਉਣ ’ਤੇ ਜ਼ੋਰ ਦਿੰਦਿਆਂ ਪ੍ਰੇਰਿਤ ਕੀਤਾ। ਭਾਈ ਅਜੀਤ ਸਿੰਘ ਨੇ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਗੁਰਮਤਿ ਸਮਾਗਮ ਉਲੀਕੇ ਜਾਵਗੇ ਤਾਂ ਜੋਂ ਸਾਡੀ ਆਉਣ ਵਾਲੀ ਪੀੜੀ ਸਿੱਖ ਵਿਰਸੇ ਨਾਲ ਜੁੜੀ ਰਹਿ ਸਕੇ ਅਤੇ ਨੌਜੁਆਨ ਨਸ਼ਿਆਂ ਤੋਂ ਦੂਰ ਰਹਿ ਕੇ ਸਿੱਖੀ ਵਿਚ ਪਰਪੱਖ ਰਹਿ ਸਕਣ। ਇਸ ਦੌਰਾਨ 30 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਅਤੇ ਗੁਰੂ ਵਾਲੇ ਬਣੇ। ਇਸ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਸੰਗਤਾਂ ਨੂੰ ਭੇਂਟਾ-ਰਹਿਤ ਕਕਾਰ, ਸਿਰਪਾਓ, ਨਾਨਕਸ਼ਾਹੀ ਕੈਲੰਡਰ ਅਤੇ ਫ੍ਰੀ ਲਿਟਰੇਚਰ ਵੰਡਿਆ ਗਿਆ।