ਨਵੀਂ ਦਿੱਲੀ, 28 ਅਗੱਸਤ (ਸੁਖਰਾਜ ਸਿੰਘ): ਬੀਤੇ ਦਿਨੀਂ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸਥਾਨਕ ਦਫ਼ਤਰ ਵਿਖੇ ਉਚੇਚੇ ਤੌਰ ’ਤੇ ਪੁੱਜ ਕੇ ਦੁਬਈ ਦੇ ਮਸ਼ਹੂਰ ’ਤੇ ਉਘੇ ਕਾਰੋਬਾਰੀ ਸ: ਐਸ.ਪੀ. ਸਿੰਘ ਓਬਰਾਏ ਨੇ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਫ਼ਦਰ.ਐਚ.ਖ਼ਾਨ, ਮੈਂਬਰ ਸ: ਪੁਸ਼ਪਿੰਦਰ ਸਿੰਘ ਅਤੇ ਏ.ਸੀ. ਮਾਇਕਲ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ’ਤੇ ਕਮਿਸ਼ਨ ਦੇ ਮੈਂਬਰ ਪੁਸ਼ਪਿੰਦਰ ਸਿੰਘ, ਚੇਅਰਮੈਨ ਸਫ਼ਦਰ ਐਚ.ਖ਼ਾਨ ਨੇ ਸ: ਓਬਰਾਏ ਦਾ ਲੋਈ ਅਤੇ ਫੁੱਲਾਂ ਦੇ ਗੁਲਦਸਤੇ ਨਾਲ ਨਿੱਘਾਂ ਸਵਾਗਤ ਕੀਤਾ। ਪੁਸ਼ਪਿੰਦਰ ਸਿੰਘ ਅਤੇ ਸਫ਼ਦਰ ਐਚ. ਖ਼ਾਨ ਨੇ ਸ: ਓਬਰਾਏ ਦੇ ਇਨਸਾਨੀਅਤ ਅਤੇ ਭਾਈਚਾਰਕ ਦੀ ਪ੍ਰਸੰਸਾ ਕਰਦਿਆ ਹੋਇਆ ਦਸਿਆ ਕਿ ਉਨ੍ਹਾਂ ਦੇ ਉਦਮ ਨਾਲ ਵੱਖ-ਵੱਖ ਦੇਸ਼ਾਂ ਦੇ 54 ਲੋਕਾਂ ਦੀ ਸਜ਼ਾ ਦੁਬਈ ਵਿਚ ਮੁਆਫ਼ ਕੀਤੀ ਗਈ, ਜਿਸ ਵਿਚ 17 ਭਾਰਤੀਆਂ ਦੀ ਫਾਂਸੀ ਦੀ ਸਜ਼ਾ ਵੀ ਮੁਆਫ਼ ਹੋਈ ਸੀ। ਉਨ੍ਹਾਂ ਦਸਿਆ ਕਿ ਸ: ਓਬਰਾਏ ਨੇ ਨਿੱਜੀ ਤੌਰ ’ਤੇ ਫ਼ੰਡ ਇਕੱਠਾ ਕਰਕੇ 8 ਕਰੋੜ ਰੁਪਏ ਦਾ ਮੁਆਵਜ਼ਾ ਪੀੜਤਾਂ ਦੇ ਪਰਵਾਰ ਨੂੰ ਦਿਤਾ ਅਤੇ ਇਸ ਤੋਂ ਇਲਾਵਾ ਅਨਾਥ ਬੱਚਿਆਂ, ਗ਼ਰੀਬਾਂ, ਅਪਾਹਜਾਂ ਤੇ ਕੈਂਸਰ ਨਾਲ ਪੀੜਤਾਂ ਦੀ ਵੀ ਮਦਦ ਕੀਤੀ ਗਈ। ਉਨ੍ਹਾਂ ਦਸਿਆ ਕਿ ਸਿੱਖ ਸਮਾਜ ਨੂੰ ਦੁਬਈ ’ਚ ਇਜਤ ਅਤੇ ਸਨਮਾਨ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਇਸ ਉਕਤ ਮੁਲਾਕਾਤ ਦੌਰਾਨ ਸ: ਓਬਰਾਏ ਨੇ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰਾਂ ਦਾ ਧਨਵਾਦ ਕੀਤਾ ਅਤੇ ਉਨ੍ਹਾਂ ਨੂੰ ਦੁਬਈ ਆਉਣ ਦਾ ਸੱਦਾ ਵੀ ਦਿਤਾ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਕਰਨਲ ਜੇ. ਪੀ. ਐਸ. ਸਾਹੀ, ਚਰਨਜੀਤ ਸਿੰਘ ਬੜੂ ਸਾਹਿਬ, ਰਵੀ ਮਹਿੰਦਰੂ ਆਦਿ ਮੌਜੂਦ ਸਨ।