ਚੰਡੀਗੜ੍ਹ, 28 ਅਗੱਸਤ (ਬਠਲਾਣਾ) : ਪੰਜਾਬ ਯੂਨੀਵਰਸਿਟੀ ਸੈਨੇਟ ਦੀ ਚੋਣ ਲਈ ਪਹਿਲੇ ਗੇੜ ਦੀਆਂ ਵੋਟਾਂ ਭਲਕੇ ਪੈਣਗੀਆਂ। ਫ਼ੈਕਲਟੀ ਦੀਆਂ 6 ਸੀਟਾਂ ਲਈ 12 ਉਮੀਦਵਾਰ ਮੈਦਾਨ ’ਚ ਹਨ। ਸਾਲ 2008 ’ਚ ਹੋਈਆਂ ਇਨ੍ਹਾਂ ਚੁੋਣਾਂ ਵਿਚ ਸ੍ਰੀ ਜੇ.ਕੇ. ਚਤਰਥ ਅਤੇ ਸ੍ਰੀ ਅਸ਼ੋਕ ਗੋਇਲ ਨੇ ਮਿਲ ਕੇ ਚੋਣ ਲੜੀ ਸੀ ਪਰ ਇਸ ਸਾਲ ਇਹ ਦੋਵੇਂ ਦਿੱਗਜ਼ ਇਕ ਦੂਜੇ ਦੇ ਵਿਰੁਧ ਮੈਦਾਨ ਵਿਚ ਉਤਰੇ ਹਨ। ਦੋਵੇਂ ਗਰੁੱਪਾਂ ਲਈ ਇਹ ਚੋਣ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੈ। ਸ੍ਰੀ ਜੀ.ਕੇ. ਚਤਰਥ ਜੋ ਅਪਣੀ 12ਵੀਂ ਚੋਣ ਲੜ ਰਹੇ ਹਨ, ਵਲੋਂ ਸੈਨੇਟ ’ਚ ਬਹੁਮਤ ਲਈ ਪੂਰੀ ਵਾਹ ਲਾ ਰਹੇ ਹਨ। ਲਾਅ ਫ਼ੈਕਲਟੀ ਤੋਂ ਚੋਣ ਲੜ ਰਹੇ ਸ੍ਰੀ ਗੋਪਾਲ ਕ੍ਰਿਸ਼ਨ ਚਤਰਥ ਦਾ ਮੁਕਾਬਲਾ ਭਾਜਪਾ ਕੌਂਸਲਰ ਸ੍ਰੀ ਦਿਵੇਸ਼ ਮੋਦਗਿੱਲ ਨਾਲ ਹੋ ਰਿਹਾ ਹੈ। ਇਨ੍ਹਾਂ ਚੋਣਾਂ ਵਿਚ ਯੂਨੀਵਰਸਿਟੀ ਦੇ ਦੋ ਡੀਨ ਵੀ ਚੋਣ ਲੜ ਰਹੇ ਹਨ। ਡੀਨ ਵਿਦਿਆਰਥੀ ਭਲਾਈ ਪ੍ਰੋ. ਅਮਰੀਕ ਸਿੰਘ ਆਹਲੂਵਾਲੀਆ ਮੈਡੀਕਲ ਫ਼ੈਕਲਟੀ ਤੋਂ ਚੋਣ ਲੜ ਰਹੇ ਹਨ। ਉੁਨ੍ਹਾਂ ਦਾ ਮੁਕਾਬਲਾ ਡੈਟਲ ਕਾਲਜ ਦੇ ਸਾਬਕਾ ਨਿਰਦੇਸ਼ਕ ਡਾ. ਕੇ.ਕੇ. ਚਤਰਥ ਨਾਲ ਹੋ ਰਿਹਾ ਹੈ। ਉੁਨ੍ਹਾਂ ਤੋਂ ਇਲਾਵਾ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਪ੍ਰੋ. ਨਵਲ ਕਿਸ਼ੋਰ ਸਾਇੰਸ ਫ਼ੈਕਲਟੀ ਤੋਂ ਪ੍ਰੋ. ਰਜ਼ਤ ਸੰਧੀਰ (ਚਤਰਥ ਗਰੁੱਪ) ਦੇ ਵਿਰੁਧ ਚੋਣ ਲੜ ਰਹੇ ਹਨ। ਗੋਇਲ ਗਰੁੱਪ ਦੇ ਨੇਤਾ ਸ੍ਰੀ ਅਸ਼ੋਕ ਗੋਇਲ ਕੰਬਾਈਡ ਫ਼ੈਕਲਟੀ ਤੋਂ ਪ੍ਰੋ. ਰਾਜ ਕਮਲ ਪਾਠਕ ਵਿਰੁਧ ਚੋਣ ਮੈਦਾਨ ਵਿਚ ਉਤਰੇ ਹਨ। ਆਰਟਸ ਫ਼ੈਕਲਟੀ ’ਚ ਚਤਰਥ ਗਰੁੱਪ ਦੇ ਮੈਨੁਅਲ ਨਾਹਰ ਦਾ ਮੁਕਾਬਲਾ ਪ੍ਰੋ. ਰਜੇਸ਼ ਗਿੱਲ ਨਾਲ ਹੈ। ਭਾਸ਼ਾ ਫ਼ੈਕਲਟੀ ’ਚ ਪ੍ਰੋ. ਜਨਮੀਤ ਸਿੰਘ ਦਾ ਮੁਕਾਬਲਾ ਪ੍ਰੋ. ਕੇਸ਼ਵ ਮਲਹੋਤਰਾ (ਗੋਇਲ ਗਰੁੱਪ) ਨਾਲ ਹੈ।
ਦੋ-ਦੋ ਨਵੇਂ ਉਮੀਦਵਾਰ : ਦੋਵੇਂ ਗਰੁੱਪਾਂ ਵਲੋਂ 2-2 ਨਵੇਂ ਉਮੀਦਵਾਰਾਂ ਨੂੰ ਪਹਿਲੀ ਵਾਰ ਸੈਨੇਟ ਦੀ ਚੋਣ ਲੜਾਈ ਜਾ ਰਹੀ ਹੈ। ਸ੍ਰੀ ਚਤਰਥ ਵਲੋਂ ਪ੍ਰੋ. ਰਜਤ ਸੰਧੀਰ ਅਤੇ ਪ੍ਰੋ. ਰਾਜ ਕਮਲ ਪਾਠਕ ਅਤੇ ਗੋਇਲ ਗਰੁੱਪ ਵਲੋਂ ਪ੍ਰੋ. ਰਜੇਸ਼ ਗਿੱਲ ਅਤੇ ਸ੍ਰੀ ਦਿਵੇਸ਼ ਮੋਦਗਿੱਲ ਪਹਿਲੀ ਵਾਰ ਇਹ ਚੋਣ ਲੜ ਰਹੇ ਹਨ।
ਫ਼ੈਕਲਟੀ ਵਾਰ ਵੋਟਾਂ : ਮਿਲੀ ਜਾਣਕਾਰੀ ਅਨੁਸਾਰ ਵੋਟਾਂ ਦੇ ਲਿਹਾਜ਼ ਨਾਲ ਸੱਭ ਤੋਂ ਵੱਡੀ ਕੰਬਾਈਡ ਫ਼ੈਕਲਟੀ ਹੈ ਜਿਥੇ 230 ਦੇ ਕਰੀਬ ਵੋਟਰ ਹਨ ਅਤੇ ਸੱਭ ਤੋਂ ਘੱਟ ਵੋਟਾਂ ਲਾਅ ਫ਼ੈਕਲਟੀ ’ਚ ਹਨ ਜਿਥੇ 32 ਦੇ ਕਰੀਬ ਵੋਟਰ ਚਤਰਥ ਅਤੇ ਮੋਦਗਿਲ ਦੀ ਚੋਣ ਕਰਨਗੇ। ਇਸ ਤੋਂ ਇਲਾਵਾ ਭਾਸ਼ਾ ਫ਼ੈਕਲਟੀ ’ਚ 113, ਸਾਇੰਸ ’ਚ 90, ਮੈਡੀਕਲ ’ਚ 74 ਅਤੇ ਆਰਟਸ ਫ਼ੈਕਲਟੀ ’ਚ 19 ਵੋਟਾਂ ਹਨ। ਇਥੇ ਇਹ ਜਾਣਨਾ ਵੀ ਦਿਲਚਸਪ ਰਹੇਗਾ ਕਿ ਇਕ ਪਾਸੇ ਗਰੁੱਪ ਨੇਤਾ ਸ੍ਰੀ ਜੀ.ਕੇ. ਚਤਰਥ ਸੱਭ ਤੋਂ ਘੱਟ ਵੋਟਾਂ (14) ਲਾਅ ਫ਼ੈਕਲਟੀ ਤੋਂ ਚੋਣ ਲੜ ਰਹੇ ਹਨ, ਉਨ੍ਹਾਂ ਦੇ ਵਿਰੋਧੀ ਸ੍ਰੀ ਅਸ਼ੋਕ ਗੋਇਲ ਸੱਭ ਤੋਂ ਵੱਡੀ ਕੰਬਾਈਡ ਫ਼ੈਕਲਟੀ (230 ਵੋਟਾਂ) ਤੋਂ ਚੋਣ ਲੜ ਰਹੇ ਹਨ।