ਲੰਦਨ, 27 ਅਗੱਸਤ: ਅਦਾਕਾਰ ਸਲਮਾ ਹਾਇਕ ਦਾ ਕਹਿਣਾ ਹੈ ਕਿ ਉਹ ਹਾਲੇ ਤਕ ਅਦਾਕਾਰੀ ਸਿਰਫ਼ ਡਾਇਰੈਕਟਰ ਓਲਿਵਰ ਸਟੋਨ ਕਾਰਨ ਕਰ ਰਹੀ ਹੈ। ਓਲਿਵਰ ਸਟੋਨ ਨੇ ਉਨ੍ਹਾਂ ਨੂੰ ਅਪਣੀ ਅਪਰਾਧ ਅਤੇ ਥਰਿਲਰ ਫ਼ਿਲਮ ‘ਸੇਵੇਜਿਜ਼’ ਵਿਚ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ ਹੈ।ਕਾਂਟੈਕਟ ਮਿਊਜ਼ਿਕ ਅਨੁਸਾਰ ਡਾਇਰੈਕਟਰ ਓਲਿਵਰ ਸਟੋਨ ਦੀ ਪੇਸ਼ਕਸ਼ ਤੋਂ ਪਹਿਲਾਂ 45 ਸਾਲਾ ਅਦਾਕਾਰ ਅਪਣੇ ਪੇਸ਼ੇ ਤੋਂ ਅੱਕ ਚੁੱਕੀ ਸੀ ਅਤੇ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਸੀ। ਉਨ੍ਹਾਂ ਕਿਹਾ ਕਿ ਏਲੇਨਾ ਵਰਗੀ ਭੂਮਿਕਾ ਵਾਰ ਵਾਰ ਨਹੀਂ ਮਿਲਦੀ। ਮੈਂ ਸੱਚ ਕਹਾਂ ਤਾਂ ਕੋਈ ਹੋਰ ਫ਼ਿਲਮ ਨਹੀਂ ਕਰਨਾ ਚਾਹੁੰਦੀ ਸੀ। ਹੈਨਰੀ (ਹਾਇਕ ਦੇ ਪਤੀ) ਨੇ ਮੈਨੂੰ ਇਸ ਲਈ ਸਮਝਾਇਆ।ਦਰਅਸਲ ਮੈਂ ਅਦਾਕਾਰੀ ਛੱਡਣਾ ਚਾਹੁੰਦੀ ਸੀ ਪਰ ਜਦੋਂ ਸਟੋਨ ਮੇਰੇ ਕੋਲ ਆਏ ਤੱਦ ਮੈਂ ਇਸ ਲਈ ਹਾਂ ਕਹਿ ਦਿਤਾ। ਅਦਾਕਾਰ ਨੇ ਇਹ ਵੀ ਕਿਹਾ ਕਿ ਉਸ ਲਈ ਕੈਰੀਅਰ ਜ਼ਿਆਦਾ ਮਹੱਤਵਪੂਰਨ ਨਹੀਂ ਹੈ। ਉਸ ਲਈ ਉਸ ਦਾ ਪਤੀ ਅਤੇ ਉਨ੍ਹਾਂ ਦੀ ਚਾਰ ਸਾਲ ਦੀ ਧੀ ਹੀ ਮਹੱਤਵਪੂਰਨ ਹਨ । (ਏਜੰਸੀ)