ਨਵੀਂ ਦਿੱਲੀ, 27 ਅਗੱਸਤ: ਸਚਿਨ ਤੇਂਦੁਲਕਰ ਨੂੰ ਭਾਵੇਂ ਵਿਰਾਟ ਕੋਹਲੀ ਵਿਚ ਅਪਣਾ ਅਕਸ ਨਜ਼ਰ ਆਉਂਦਾ ਹੋਵੇ ਪਰ ਇਸ ਨੌਜਵਾਨ ਬੱਲੇਬਾਜ਼ ਦਾ ਕਹਿਣਾ ਹੈ ਕਿ ਉਹ ਇਸ ਚੈਂਪੀਅਨ ਬੱਲੇਬਾਜ਼ ਨੂੰ ਪੂਜਦਾ ਆਇਆ ਹੈ ਅਤੇ ਉਨ੍ਹਾਂ ਦੀਆਂ ਉਪਲੱਬਧੀਆਂ ਤਕ ਪੁੱਜਣਾ ਉਸ ਲਈ ‘ਮਿਸ਼ਨ ਇੰਪਾਸੀਬਲ’ ਤੋਂ ਘੱਟ ਨਹੀਂ ਹੋਵੇਗਾ। ਕੋਹਲੀ ਨੇ ਸੱਭ ਤੋਂ ਤੇਜ਼ੀ ਨਾਲ 1000 ਅਤੇ 3,000 ਇਕ ਰੋਜ਼ਾ ਦੌੜਾਂ ਬਣਾਈਆਂ ਹਨ ਅਤੇ ਇਸ ਸਾਲ ਪੰਜ ਸੈਂਕੜੇ ਵੀ ਠੋਕੇ ਹਨ। ਇਸ ਕਾਰਨ ਕਈਆਂ ਨੇ ਉਨ੍ਹਾਂ ਦੀ ਤੁਲਨਾ ਤੇਂਦੁਲਕਰ ਨਾਲ ਕਰਨੀ ਸ਼ੁਰੂ ਕਰ ਦਿਤੀ ਹੈ। ਤੇਂਦੁਲਕਰ ਦਾ ਖ਼ੁਦ ਕਹਿਣਾ ਹੈ ਕਿ ਕੋਹਲੀ ਉਨ੍ਹਾਂ ਦਾ ਸੌ ਅੰਤਰਰਾਸ਼ਟਰੀ ਸੈਂਕੜਿਆਂ ਦਾ ਰੀਕਾਰਡ ਤੋੜ ਸਕਦਾ ਹੈ। ਕੋਹਲੀ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਆਦਰਸ਼ (ਤੇਂਦੁਲਕਰ) ਵਿਚਕਾਰ ਕੋਈ ਤੁਲਨਾ ਹੀ ਨਹੀਂ ਹੈ। ਉਸ ਨੇ ਕਿਹਾ ਕਿ ਲੋਕ ਜਦੋਂ ਮੇਰੀ ਤੁਲਣਾ ਸਚਿਨ ਨਾਲ ਕਰਦੇ ਹਨ ਤਾਂ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ ਪਰ ਮੇਰਾ ਸਾਰਾ ਧਿਆਨ ਅਪਣੇ ਪ੍ਰਦਰਸ਼ਨ ’ਤੇ ਕੇਂਦ੍ਰਿਤ ਹੈ, ਇਸ ਤੁਲਣਾ ’ਤੇ ਨਹੀਂ। ਮੈਂ ਉਨ੍ਹਾਂ ਦੀ ਪੂਜਾ ਕਰਦਾ ਆਇਆ ਹਾਂ ਲਿਹਾਜਾ ਮੈਨੂੰ ਇਹ ਤੁਲਣਾ ਬੇਮਾਨੀ ਨਜ਼ਰ ਆਉਂਦੀ ਹੈ। ਉਸਨੇ ਇੰਡੀਆ ਟੀਵੀ ’ਤੇ ‘ਆਪ ਕੀ ਅਦਾਲਤ’ ਵਿਚ ਕਿਹਾ ਕਿ ਕੋਈ ਵੀ ਕ੍ਰਿਕਟ ਖਿਡਾਰੀ ਸੌ ਸੈਂਕੜੇ ਨਹੀਂ ਬਣਾ ਸਕਿਆ ਹੈ। ਇਹ ਬਹੁਤ ਵੱਡੀ ਪ੍ਰਾਪਤੀ ਹੈ। ਮੈਂ ਇਸ ਬਾਰੇ ਨਹੀਂ ਸੋਚਦਾ ਕਿਉਂਕਿ ਇਸ ਨਾਲ ਦਬਾਅ ਬਣਦਾ ਹੈ। ਮੇਰਾ ਸਾਰਾ ਧਿਆਨ ਅਪਣੇ ਪ੍ਰਦਰਸ਼ਨ ’ਤੇ ਹੈ।ਉਪ ਕਪਤਾਨ ਦੇ ਤੌਰ ਉ¤ਤੇ ਅਪਣੀ ਚੋਣ ਬਾਰੇ ਵਿਚ ਕੋਹਲੀ ਨੇ ਕਿਹਾ ਕਿ ਇਹ ਉਸ ਲਈ ਸੁਖਦ ਹੈਰਾਨੀ ਸੀ। ਉਸ ਨੇ ਇਨ੍ਹਾਂ ਅਫ਼ਵਾਹਾਂ ਨੂੰ ਰੱਦ ਕਰ ਦਿਤਾ ਕਿ ਬਤੌਰ ਕਪਤਾਨ ਉਹ ਮਹਿੰਦਰ ਸਿੰਘ ਧੋਨੀ ਦੀ ਥਾਂ ਲੈਣ ਵਾਲਾ ਹੈ। ਉਸ ਨੇ ਕਿਹਾ ਕਿ ਮੈਨੂੰ ਅਜਿਹਾ ਨਹੀਂ ਲੱਗਦਾ। ਧੋਨੀ ਨੇ ਬਤੌਰ ਕਪਤਾਨ ਟੀਮ ਇੰਡੀਆ ਲਈ ਬਹੁਤ ਕੁੱਝ ਕੀਤਾ ਹੈ। ਮੈਂ ਉਨ੍ਹਾਂ ਤੋਂ ਬਹੁਤ ਕੁੱਝ ਸਿਖਿਆ ਹੈ। (ਏਜੰਸੀ)