ਰਾਸ਼ਟਰੀ ਖਬਰਾਂ
 

ਦਿੱਲੀ ਪਹੁੰਚੀ ਅੰਕਿਤਾ ਸਿੰਘ, ਖੋਲ੍ਹੇਗੀ ਕਾਂਡਾ ਦੇ ਰਾਜ਼

 

ਨਵੀਂ ਦਿੱਲੀ, 27 ਅਗੱਸਤ : ਏਅਰ ਹੋਸਟਸ ਗੀਤਿਕਾ ਸ਼ਰਮਾ ਖ਼ੁਦਕੁਸ਼ੀ ਮਾਮਲੇ ਵਿਚ ਪੁਲਿਸ ਜਿਸ ਅੰਕਿਤਾ ਸਿੰਘ ਦੀ ਭਾਲ ਕਰ ਰਹੀ ਸੀ, ਉਹ ਇਸ ਕੇਸ ਵਿਚ ਮਦਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋ ਗਈ ਹੈ। ਸੂਤਰਾਂ ਮੁਤਾਬਕ ਅੰਕਿਤਾ ਸੋਮਵਾਰ ਸਵੇਰੇ ਸਿੰਗਾਪੁਰ ਤੋਂ ਦਿੱਲੀ ਪਹੁੰਚ ਚੁੱਕੀ ਹੈ ਪਰ ਫਿਲਹਾਲ ਉਸ ਨੇ ਅਜੇ ਤਕ ਪੁਲਿਸ ਨਾਲ ਕੋਈ ਸੰਪਰਕ ਨਹੀਂ ਕੀਤਾ। ਹਾਲਾਂਕਿ ਪੁਲਿਸ ਨੂੰ ਪੂਰੀ ਆਸ ਹੈ ਕਿ ਅੰਕਿਤਾ ਜ਼ਰੂਰ ਉਨ੍ਹਾਂ ਨਾਲ ਰਾਬਤਾ ਕਾਇਮ ਕਰੇਗੀ। ਗੀਤਿਕਾ ਦੇ ਖ਼ੁਦਕੁਸ਼ੀ ਨੋਟ ਵਿਚ ਅੰਕਿਤਾ ਦਾ ਜ਼ਿਕਰ ਮਿਲਣ ਤੋਂ ਬਾਅਦ ਪੁਲਿਸ ਅੰਕਿਤਾ ਦੀ ਭਾਲ ਵਿਚ ਲੱਗ ਗਈ ਸੀ। ਪੁਲਿਸ ਅੰਕਿਤਾ ਸਿੰਘ ਅਤੇ ਕਾਂਡਾ ਨੂੰ ਇਕ-ਦੂਜੇ ਸਾਹਮਣੇ ਖੜਾ ਕਰ ਕੇ ਇਸ ਮਾਮਲੇ ’ਚ ਪੁਛਗਿਛ ਕਰਨਾ ਚਾਹੁੰਦੀ ਹੈ। ਡੀ. ਸੀ. ਪੀ. ਨੇ ਅੰਕਿਤਾ ਦੀ ਫ਼ੋਟੋ ’ਤੇ ਟਿਪਣੀ ਕਰਦਿਆਂ ਕਿਹਾ ਕਿ  ਇਹੀ ਉਹ ਲੜਕੀ ਹੈ ਜਿਸ ਦਾ ਜ਼ਿਕਰ ਗੀਤਿਕਾ ਸ਼ਰਮਾ ਨੇ ਅਪਣੇ ਸੁਸਾਈਡ ਨੋਟ ਵਿਚ ਕੀਤਾ ਹੈ। ਗੀਤਿਕਾ ਸ਼ਰਮਾ ਖ਼ੁਦਕੁਸ਼ੀ ਕੇਸ ਵਿਚ ਪੁਲਿਸ ਨੂੰ ਹੁਣ ਇਕ ਹੋਰ ਸ਼ਖ਼ਸ ਦੀ ਤਲਾਸ਼ ਹੈ। ਜੇਲ ਵਿਚ ਬੰਦ ਹਰਿਆਣਾ ਦੇ ਸਾਬਕਾ ਮੰਤਰੀ ਗੋਪਾਲ ਕਾਂਡਾ ਅਤੇ ਉਸ ਦੀ ਮੁਲਾਜ਼ਮ ਅਰੁਣਾ ਚੱਢਾ ਤੋਂ ਪੁਛਗਿਛ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਹੈ ਕਿ ਗੀਤਿਕਾ ਦੇ ਨੇਵੀ ਵਿਚ ਕੈਪਟਨ ਵਰੁਣ ਨਾਲ ਵੀ ਨੇੜਲੇ ਰਿਸ਼ਤੇ ਸਨ। ਪੁਲਿਸ ਹੁਣ ਵਰੁਣ ਤੋਂ ਪੁਛਗਿਛ ਕਰਨ ਬਾਰੇ ਸੋਚ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕਾਂਡਾ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਗੀਤਿਕਾ ਕੁੱਝ ਦਿਨ ਪਹਿਲਾਂ ਵਰੁਣ ਨੂੰ ਮਿਲੀ ਸੀ। ਉਸ ਨੇ ਵਰੁਣ ਨੂੰ ਕਾਂਡਾ ਦੀਆਂ ਹਰਕਤਾਂ ਬਾਰੇ ਦਸਿਆ ਸੀ। ਪੁਲਿਸ ਵਰੁਣ ਦੇ ਈ-ਮੇਲ ਆਈ. ਡੀ. ਦਾ ਵੀ ਪਤਾ ਲਗਾ ਚੁੱਕੀ ਹੈ। ਉਧਰ ਪੁਲਿਸ ਸਿਰਸਾ ਵਿਚ ਮਾਲਸ਼ ਸੈਂਟਰ ਚਲਾਉਣ ਵਾਲੀ ਇਕ ਔਰਤ ਤੋਂ ਵੀ ਪੁਛਗਿਛ ਕਰਨ ਬਾਰੇ ਸੋਚ ਰਹੀ ਹੈ। ਦਸਿਆ ਜਾਂਦਾ ਹੈ ਕਿ ਇਹ ਔਰਤ ਵੀ ਕਾਂਡਾ ਨਾਲ ਬਿਜ਼ਨਸ ਵਿਚ ਭਾਈਵਾਲ ਸੀ। ਇਸ ਦੌਰਾਨ ਪੁਲਿਸ ਨੇ ਗੁੜਗਾਉਂ ਵਿਚ ਛਾਪਾ ਮਾਰ ਕੇ ਗੋਪਾਲ ਕਾਂਡਾ ਅਤੇ ਗੀਤਿਕਾ ਦੇ ਦੋ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.