ਨਵੀਂ ਦਿੱਲੀ, 27 ਅਗੱਸਤ : ਸੰਸਦ ਵਿਚ ਅਕਾਲੀ ਦਲ ਦੀ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਕੋਲਾ ਘਪਲੇ ਦੇ ਸਬੰਧ ਵਿਚ ਭਾਜਪਾ ਅਤੇ ਐਨ.ਡੀ.ਏ. ਗਠਜੋੜ ਨਾਲੋਂ ਵਖਰੀ ਸੁਰ ਵਿਚ ਬੋਲਦਿਆਂ ਕਿਹਾ ਕਿ ਉਹ ਸੰਸਦ ਵਿਚ ਪ੍ਰਧਾਨ ਮੰਤਰੀ ਦਾ ਬਿਆਨ ਸੁਣਨਾ ਚਾਹੁਣਗੇ। ਇਸ ਤਰ੍ਹਾਂ ਐਨ.ਡੀ.ਏ. ਗਠਜੋੜ ਵਿਚ ਅੱਜ ਤਰੇੜਾਂ ਦੇ ਸਪੱਸ਼ਟ ਸੰਕੇਤ ਮਿਲਣ ਲੱਗੇ ਹਨ। ਹਰਸਿਮਰਤ ਕੌਰ ਬਾਦਲ ਨੇ ਜ਼ੋਰਦਾਰ ਤਰੀਕੇ ਨਾਲ ਕਿਹਾ ਕਿ ਜਿਸ ਸਮੇਂ ਪ੍ਰਧਾਨ ਮੰਤਰੀ ਬੋਲ ਰਹੇ ਹਨ ਤਾਂ ਸੰਸਦ ਵਿਚ ਉਨ੍ਹਾਂ ਨੂੰ ਸੁਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਦਾ ਬਿਆਨ ਸੁਣਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਬੋਲਣ ਹੀ ਨਹੀਂ ਦਿਤਾ ਜਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਇਸ ਘਪਲੇ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਐਨ.ਡੀ.ਏ., ਭਾਜਪਾ ਜਾਂ ਅਕਾਲੀ ਦਲ ਦਰਮਿਆਨ ਕਿਸੇ ਤਰ੍ਹਾਂ ਦੀ ਵੰਡ ਸਬੰਧੀ ਸੰਭਾਵਨਾਵਾਂ ਤੋਂ ਇਨਕਾਰ ਕੀਤਾ। ਅੱਜ ਅਕਾਲੀ ਦਲ ਵਲੋਂ ਭਾਜਪਾ ਦੀ ਮੰਗ ਦੇ ਬਿਲਕੁਲ ਉਲਟ ਵਖਰੀ ਸੁਰ ਵਿਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੋਲਾ ਖਦਾਨਾਂ ਦੀ ਵੰਡ ਵਿਚ ਬੇਨਿਯਮੀਆਂ ਬਾਰੇ ਅਪਣਾ ਪੱਖ ਰੱਖਣ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ।
ਪੱਤਰਕਾਰਾਂ ਵਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਜੇ ਤਕ ਪ੍ਰਧਾਨ ਮੰਤਰੀ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿਤਾ ਗਿਆ ਤਾਂ ਲੋਕਾਂ ਨੂੰ ਅਸਲ ਤੱਥ ਕਿਸ ਤਰ੍ਹਾਂ ਪਤਾ ਲੱਗ ਸਕਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੂਰੀ ਤਰ੍ਹਾਂ ਮਜ਼ਬੂਤੀ ਨਾਲ ਭਾਜਪਾ ਦੇ ਨਾਲ ਖੜਾ ਹੈ। ਸੰਸਦ ਵਿਚ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰਨ ਮੌਕੇ ਭਾਜਪਾ ਦੇ ਮੈਂਬਰ ਲੋਕ ਸਭਾ ਸਪੀਕਰ ਦੇ ਕੁਰਸੀ ਅੱਗੇ ਇਕੱਠੇ ਹੋ ਗਏ ਸਨ ਪਰ ਅਕਾਲੀ ਦਲ ਦੇ ਮੈਂਬਰ ਅਪਣੀਆਂ ਸੀਟਾਂ ’ਤੇ ਹੀ ਖੜੇ ਵੇਖੇ ਗਏ। (ਪੀ.ਟੀ.ਆਈ.)