ਰਾਸ਼ਟਰੀ ਖਬਰਾਂ
 

ਕੋਲਾ ਖਦਾਨਾਂ ’ਚੋਂ ਕਾਂਗਰਸ ਨੂੰ ਮੋਟਾ ਮਾਲ ਮਿਲਿਆ : ਭਾਜਪਾ


ਨਵੀਂ ਦਿੱਲੀ, 27 ਅਗੱਸਤ : ਮੁੱਖ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਵਿਚ ਆਗੂ ਸੁਸ਼ਮਾ ਸਵਰਾਜ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਧਿਰ ਨੂੰ ਕੋਲਾ ਖਦਾਨਾਂ ਦੀ ਵੰਡ ਵਿਚ ਮੋਟਾ ਮਾਲ ਮਿਲਿਆ ਜਿਸ ਦੇ ਜਵਾਬ ਵਿਚ ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਜਪਾ ਨੂੰ ਮੋਟਾ ਅਤੇ ਛੋਟਾ ਮਾਲ ਕਹਿਣ ਦੀ ਗੱਲ ਕਰਨ ਦਾ ਹੱਕ ਨਹੀਂ ਹੈ। ਪਰ ਸੁਸ਼ਮਾ ਸਵਰਾਜ ਨੇ ਕਿਹਾ ਕਿ ਬੇਨਿਯਮੀਆਂ ਲਈ ਪ੍ਰਧਾਨ ਮੰਤਰੀ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਰਾਜ ਸਭਾ ਵਿਚ ਪਾਰਟੀ ਦੇ ਆਗੂ ਅਰੁਣ ਜੇਤਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣ।  ਭਾਰਤੀ ਜਨਤਾ ਪਾਰਟੀ ਨੇ ਅੱਜ ਫਿਰ ਦੁਹਰਾਇਆ ਕਿ ਕੋਲਾ ਖਦਾਨਾਂ ਦੀ ਵੰਡ ਸਬੰਧੀ ਵਾਪਰੀਆਂ ਬੇਨਿਯਮੀਆਂ ਦੇ ਮੁੱਦੇ ’ਤੇ ਉਸ ਨੂੰ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਤੋਂ ਘੱਟ ਕੋਈ ਵੀ ਗੱਲ ਪ੍ਰਵਾਨ ਨਹੀਂ।
ਅੱਜ ਸਵੇਰੇ ਐਨ.ਡੀ.ਏ. ਤੋਂ ਇਲਾਵਾ ਯੂ.ਪੀ.ਏ. ਨਾਲ ਨਾ ਜੁੜੀਆਂ ਪਾਰਟੀਆਂ ਦੀ ਬੈਠਕ ਬੁਲਾਈ ਗਈ ਸੀ ਪਰ ਇਸ ਬੈਠਕ ਤੋਂ ਬਾਅਦ ਭਾਜਪਾ ਨੇ ਐਲਾਨ ਕੀਤਾ ਕਿ ਉਹ ਯੂ.ਪੀ.ਏ. ਵਿਰੁਧ ਅਪਣੀ ਲੜਾਈ ਇਕੱਲਿਆਂ ਜਾਰੀ ਰਖੇਗੀ। ਭਾਜਪਾ ਦੇ ਬੁਲਾਰੇ ਪ੍ਰਕਾਸ਼ ਜਾਵੇਡਕਰ ਦਾ ਕਹਿਣਾ ਹੈ ਕਿ ਕੈਗ ਦੀ ਰੀਪੋਰਟ ਤੋਂ ਬਾਅਦ ਏ. ਰਾਜਾ ਦਾ ਅਸਤੀਫ਼ਾ ਲਿਆ ਗਿਆ ਸੀ। ਉਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਪਹਿਲਾਂ ਅਸਤੀਫ਼ਾ ਦੇਣ ਅਤੇ ਫਿਰ ਇਸ ਮੁੱਦੇ ’ਤੇ ਬਹਿਸ ਕਰਵਾਈ ਜਾਵੇ।
ਭਾਜਪਾ ਮੰਨ ਰਹੀ ਹੈ ਕਿ ਸੰਸਦ ਠੱਪ ਹੋਣ ਕਾਰਨ ਉਨ੍ਹਾਂ ਦਾ ਮਕਸਦ ਪੂਰਾ ਹੋ ਰਿਹਾ ਹੈ ਅਤੇ ਕਾਂਗਰਸ ਦੀ ਸਾਖ਼ ਡਿੱਗ ਰਹੀ ਹੈ। ਅੰਕੜਿਆਂ ਦੇ ਆਧਾਰ ’ਤੇ ਭਾਜਪਾ ਇਕੱਲਿਆਂ ਹੀ ਸੰਸਦ ਦੀ ਕਾਰਵਾਈ ਠੱਪ ਕਰਨ ਦੇ ਸਮਰੱਥ ਹੈ। ਭਾਜਪਾ ਮੰਨਦੀ ਹੈ ਕਿ 2-ਜੀ ਮਾਮਲਾ ਦੇਸ਼ ਦੇ ਦੂਰ-ਦੁਰਾਡੇ ਵਾਲੇ ਪਿੰਡਾਂ ਦੇ ਲੋਕਾਂ ਨੂੰ ਸਮਝ ਆਉਣਾ ਮੁਸ਼ਕਲ ਸੀ ਪਰ ਕੋਲਾ ਖਦਾਨਾਂ ਦਾ ਘਪਲਾ ਉਤਪਾਦਨ ਕਰਨ ਵਾਲੇ ਰਾਜਾਂ ਅਤੇ ਹੋਰ ਹਿੰਦੀ ਭਾਸ਼ਾ ਬੋਲਣ ਵਾਲੇ ਰਾਜਾਂ ਨੂੰ ਅਸਾਨੀ ਨਾਲ ਸਮਝ ਆ ਸਕਦਾ ਹੈ।
ਭਾਰਤੀ ਜਨਤਾ ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਕੈਗ ਦੀ ਰੀਪੋਰਟ ਬਾਰੇ ਜੋ ਬਿਆਨ ਲੋਕ ਸਭਾ ਵਿਚ ਦਿਤਾ ਗਿਆ ਹੈ, ਪਾਰਟੀ ਉਸ ਨਾਲ ਸਹਿਮਤ ਨਹੀਂ ਅਤੇ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਤੋਂ ਇਲਾਵਾ ਭ੍ਰਿਸ਼ਟ ਸਰਕਾਰ ਦਾ ਸੰਸਦ ਵਿਚ ਬਾਈਕਾਟ ਜਾਰੀ ਰਹੇਗਾ। ਭਾਜਪਾ ਦੇ ਸੀਨੀਅਰ ਆਗੂ ਜਸਵੰਤ ਸਿੰਘ ਨੇ ਕਿਹਾ ਕਿ ਉਹ ਨਿਜੀ ਤੌਰ ’ਤੇ ਮਹਿਸੂਸ ਕਰਦੇ ਹਨ ਕਿ ਕੋਈ ਮੰਤਰੀ ਜਾਂ ਕੋਈ ਵੀ ਸਿਆਸੀ ਆਗੂ ਕੈਗ ਰੀਪੋਰਟ ਬਾਰੇ ਸੰਸਦ ਵਿਚ ਕੁੱਝ ਵੀ ਗ਼ਲਤ ਬੋਲਦਾ ਹੈ ਤਾਂ ਇਹ ਮੁਕੰਮਲ ਤੌਰ ’ਤੇ ਵੱਡੀ ਗ਼ਲਤੀ ਹੈ।
ਭਾਜਪਾ ਦੇ ਬੁਲਾਰੇ ਰਾਜੀਵ ਪ੍ਰਤਾਪ ਰੂਡੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਹੋਰ ਮੁੱਦੇ ’ਤੇ ਜ਼ੋਰ ਨਹੀਂ ਦੇ ਰਹੀ ਅਤੇ ਉਸ ਵਲੋਂ ਲਗਾਤਾਰ ਪ੍ਰਧਾਨ ਮੰਤਰੀ ਦਾ ਅਸਤੀਫ਼ਾ ਇਸ ਲਈ ਮੰਗਿਆ ਜਾ ਰਿਹਾ ਹੈ ਕਿਉਂਕਿ ਕੋਲਾ ਖਦਾਨਾਂ ਸਬੰਧੀ ਘਪਲੇ ਵਿਚ ਉਨ੍ਹਾਂ ਦਾ ਬਿਆਨ ਸਪੱਸ਼ਟ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਜਿਹੇ ਘਪਲਿਆਂ ਦੇ ਸਬੰਧ ਵਿਚ ਕਈ ਮੌਕੇ ਦਿਤੇ ਜਾ ਚੁੱਕੇ ਹਨ ਪਰ ਹੁਣ ਉਨ੍ਹਾਂ ਨੂੰ ਹੋਰ ਕੋਈ ਮੌਕਾ ਦਿਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਭ੍ਰਿਸ਼ਟ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਕਦੇ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦੇਵੇਗੀ ਕਿ ਦੇਸ਼ ਦੀ ਸੰਸਦ ਦੀ ਵਰਤੋਂ ਭ੍ਰਿਸ਼ਟ ਆਗੂਆਂ ਵਲੋਂ ਕੀਤੀ ਜਾਵੇ। ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਬਿਆਨ ਨਾਲ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ ਅਤੇ ਉਹ ਨਿਰਾਸ਼ ਹਨ ਕਿਉਂਕਿ ਕੁੱਝ ਸੱਚ ਲੁਕਾਏ ਜਾ ਰਹੇ ਹਨ। (ਏਜੰਸੀ)


ਮੇਰੇ ਕਾਰਜਕਾਲ ਵਿਚ ਕੋਈ ਵੰਡ ਨਹੀਂ ਹੋਈ : ਜੈਸਵਾਲ

ਨਵੀਂ ਦਿੱਲੀ, 27 ਅਗੱਸਤ : ਕੋਲਾ ਮੰਤਰੀ ਸ੍ਰੀਪ੍ਰਕਾਸ਼ ਜੈਸਵਾਲ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਿਸੇ ਕੋਲਾ ਖਦਾਨ ਦੀ ਵੰਡ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮੇਰੇ ਕਾਰਜਕਾਲ ਵਿਚ ਸਿਰਫ਼ ਉਨ੍ਹਾਂ ਕੰਪਨੀਆਂ ਲਈ ਹੀ ਵੰਡ ਸਬੰਧੀ ਚਿੱਠੀਆਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਨੂੰ ਕੋਲਾ ਖਦਾਨਾਂ ਦੇਣ ਦਾ ਫ਼ੈਸਲਾ ਯੂ.ਪੀ.ਏ. ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਕੀਤਾ ਜਾ ਚੁੱਕਾ ਸੀ। ਉਨ੍ਹਾਂ ਕਿਹਾ ਕਿ ਮੈਂ ਵਾਰ-ਵਾਰ ਕਿਹਾ ਹੈ ਕਿ ਯੂ.ਪੀ.ਏ. ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਵੰਡ ਤੋਂ ਇਲਾਵਾ ਹੋਰ ਕੋਈ ਵੰਡ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇ ਕੋਈ ਸੰਸਦ ਮੈਂਬਰ ਅਜਿਹਾ ਕੋਈ ਬਿਆਨ ਦੇ ਰਿਹਾ ਹੈ ਤਾਂ ਉਹ ਸੰਸਦ, ਮੀਡੀਆ ਅਤੇ ਦੇਸ਼ ਨੂੰ ਗੁਮਰਾਹ ਕਰ ਰਿਹਾ ਹੈ।
ਜਲਦਬਾਜ਼ੀ ’ਚ ਸੱਦੀ ਪੱਤਰਕਾਰਾਂ ਦੀ ਬੈਠਕ ਵਿਚ ਜੈਸਵਾਲ ਨੇ ਭਾਜਪਾ ਦੇ ਸੰਸਦ ਮੈਂਬਰ ਹੰਸਰਾਜ ਅਹੀਰ ਦੇ ਇਸ ਦੋਸ਼ ਨੂੰ ਵੀ ਰੱਦ ਕਰ ਦਿਤਾ ਕਿ ਸਰਕਾਰ ਨੇ ਤਿੰਨ ਨਿਜੀ ਕੰਪਨੀਆਂ ਨੂੰ ਕੋਲਾ ਖਦਾਨਾਂ ਦੀ ਵੰਡ ਨੂੰ ਮਨਜ਼ੂਰੀ ਦੇ ਕੇ ਦੇਸ਼ ਨੂੰ ਆਰਥਕ ਨੁਕਸਾਨ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਜਿਨ੍ਹਾਂ ਨਾਵਾਂ ਦੀ ਚਰਚਾ ਕੀਤੀ ਗਈ ਹੈ, ਉਨ੍ਹਾਂ ਵਿਚ ਸਿਰਫ਼ ਦੋ ਕੋਲਾ ਖਦਾਨਾਂ ਹਨ ਜਿਨ੍ਹਾਂ ਨੂੰ ਪਹਿਲਾਂ ਹੀ ਯੂ.ਪੀ.ਏ. ਸਰਕਾਰ ਦੇ ਕਾਰਜਕਾਲ ਵਿਚ ਮਨਜ਼ੂਰੀ ਦਿਤੀ ਜਾ ਚੁੱਕੀ ਸੀ ਪਰ ਆਮ ਚੋਣਾਂ ਦੇ ਐਲਾਨ ਕਾਰਨ ਵੰਡ ਪੱਤਰ ਜਾਰੀ ਨਹੀਂ ਹੋਇਆ ਸੀ ਅਤੇ ਯੂ.ਪੀ.ਏ. ਦੀ ਵਾਪਸੀ ਤੋਂ ਬਾਅਦ ਇਹ ਪੱਤਰ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ 35 ਖਦਾਨਾਂ ਨੂੰ ਭੁੱਲ ਜਾਉ। ਯੂ.ਪੀ.ਏ. ਦੇ ਦੂਜੇ ਕਾਰਜਕਾਲ ਵਿਚ 0.35 ਕੋਲਾ ਖਦਾਨਾਂ ਦੀ ਵੀ ਵੰਡ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਮੇਰੇ ਦਫ਼ਤਰ ਵਿਖੇ ਆ ਕੇ ਪਤਾ ਲਗਾਇਆ ਜਾ ਸਕਦਾ ਹੈ ਕਿ ਸੱਚ ਕੀ ਹੈ। ਉਨ੍ਹਾਂ ਨੇ ਵਿਰੋਧੀ ਧਿਰ ਅਤੇ ਖ਼ਾਸ ਕਰ ਕੇ ਭਾਜਪਾ ਨੂੰ ਅਪੀਲ ਕੀਤੀ ਕਿ ਉਹ ਸੰਸਦ ਦੀ ਕਾਰਵਾਈ ਚੱਲਣ ਦੇਣ। (ਏਜੰਸੀ)

ਕੋਲਾ ਖਦਾਨਾਂ ਬਾਰੇ ਜ਼ੀਰੋ ਨੁਕਸਾਨ ਦੀ ਗੱਲ ਕਦੇ ਨਹੀਂ ਕਹੀ : ਚਿਦੰਬਰਮ

ਨਵੀਂ ਦਿੱਲੀ, 27 ਅਗੱਸਤ : ਪੀ. ਚਿਦੰਬਰਮ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਕਦੇ ਵੀ ਕੋਲਾ ਖਦਾਨਾਂ ਦੀ ਵੰਡ ਸਬੰਧੀ ਜ਼ੀਰੋ ਨੁਕਸਾਨ ਦੀ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੀਡੀਆ ’ਚ ਪੇਸ਼ ਕੀਤੀਆਂ ਗਈਆਂ ਰੀਪੋਰਟਾਂ ਗ਼ਲਤ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਅਸਲ ਤੱਥ ਇਹ ਹੈ ਕਿ ਜੇ ਕੋਲਾ ਪੁੱਟਿਆ ਹੀ ਨਹੀਂ ਗਿਆ ਤਾਂ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਅਤੇ ਜੇ ਕੋਲਾ  ਖਦਾਨਾਂ ਵਿਚ ਹੀ ਹੈ ਤਾਂ ਨੁਕਸਾਨ ਕਿਥੇ ਹੋਇਆ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਤਾਂ ਹੁੰਦਾ, ਜੇ ਇਕ ਟਨ ਕੋਲਾ ਵੀ ਖਦਾਨਾਂ ਵਿਚੋਂ ਕਢਿਆ ਜਾਂਦਾ ਅਤੇ ਉਸ ਨੂੰ ਨਾ ਪ੍ਰਵਾਨ ਕਰਨਯੋਗ ਦਰ ’ਤੇ ਵੇਚਿਆ ਜਾਂਦਾ। (ਪੀ.ਟੀ.ਆਈ.)


 

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.