ਡੇਰਾਬੱਸੀ, 27 ਅਗੱਸਤ (ਜਰਨੈਲ ਸਿੰਘ) : ਪਿਛਲੇ ¦ਬੇ ਸਮੇਂ ਤੋਂ ਸ਼ਹਿਰ ਤੇ ਨਾਲ ਲੱਗਦੇ ਪਿੰਡਾਂ ਦੇ ਲੋਕ ਸਰਕਾਰੀ ਹਾਈ ਸਕੂਲ ਡੇਰਾਬਸੀ ਨੂੰ ਅਪਗ੍ਰੇਡ ਕਰਵਾਉਣ ਲਈ ਸੰਘਰਸ਼ ਕਰ ਰਹੇ ਸਨ ਕਿਉਂਕਿ ਇਲਾਕੇ ’ਚ ਕੋਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾ ਹੋਣ ਕਾਰਨ ਲੋਕਾਂ ਨੂੰ ਪ੍ਰਾਈਵੇਟ ਸਕੂਲਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ। ਲੋਕਾਂ ਦੀ ਇਸ ਮੁੱਖ ਮੰਗ ਨੂੰ ਪੂਰਾ ਕਰਨ ਦਾ ਐਲਾਨ ਅੱਜ ਮੁੱਖ ਸੰਸਦੀ ਸਕੱਤਰ ਉਦਯੋਗ ਅਤੇ ਵਣਜ ਸ੍ਰੀ ਐਨ.ਕੇ. ਸ਼ਰਮਾ ਨੇ ਕਰ ਦਿੱਤਾ ਹੈ। ਇਸ ਮੰਗ ਨੂੰ ਪੂਰਾ ਹੋਣ ਦੀ ਗੱਲ ਸੁਣ ਕੇ ਇਲਾਕੇ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਐਨ.ਕੇ. ਸ਼ਰਮਾ ਨੇ ਦੱਸਿਆ ਕਿ ਲੋਕਾਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਸਕੂਲ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਜਿਹੜੀਆਂ ਉਮੰਗਾਂ ਅਤੇ ਆਸਾਂ ਚੋਣਾਂ ਦੌਰਾਨ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਸਰਕਾਰ ’ਤੇ ਲਾਈਆਂ ਉਨ੍ਹਾਂ ’ਤੇ ਖਰਾ ਉਤਰਿਆ ਜਾਵੇਗਾ। ਉਹਨਾਂ ਕਿਹਾ ਕਿ ਉਹ ਡੇਰਾਬਸੀ ਹਲਕੇ ਦੀ ਕਾਇਆ ਕਲਪ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਇਸ ਹਲਕੇ ਨੂੰ ਇੱਕ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ ਅਤੇ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਬਿਨਾਂ ਕਿਸੇ ਭੇਦ ਭਾਵ ਤੋਂ ਕੀਤਾ ਜਾਵੇਗਾ। ਸਿੱਖਿਆ ਵਿਭਾਗ ਦੀ ਸਹਿਮਤੀ ਤੋਂ ਬਾਅਦ ਹੀ ਇਥੇ ਗਿਆਰਵੀਂ ਤੇ ਬਾਰਵੀਂ ਸ਼੍ਰੇਣੀ ਦੀਆਂ ਆਰਟਸ, ਕਾਮਰਸ, ਸਾਇੰਸ ਅਤੇ ਮੈਡੀਕਲ ਦੀਆਂ ਕਲਾਸਾਂ ਸ਼ੁਰੂ ਹੋ ਜਾਣਗੀਆਂ। ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ 40 ਲੱਖ ਰੁਪਇਆ ਖਰਚ ਕੀਤਾ ਜਾਵੇਗਾ ਜਿਸ ਵਿੱਚ ਨਗਰ ਕੌਂਸਲ ਡੇਰਾਬੱਸੀ ਵੱਲੋਂ 25 ਲੱਖ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ: ਜਸਵਿੰਦਰ ਸਿੰਘ ਨਈਅਰ ਵੱਲੋਂ 9 ਲੱਖ ਅਤੇ ਸ਼੍ਰੀ ਐਨ.ਕੇ. ਸ਼ਰਮਾ ਵੱਲੋਂ ਆਪਣੇ ਅਖਤਿਆਰੀ ਫੰਡ ’ਚੋਂ 3 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਸਰਕਾਰ ’ਤੇ ਆਰਥਿਕ ਬੋਝ ਨਾ ਪਾਉਂਦਿਆਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਡੇਰਾਬੱਸੀ ਅਤੇ ਲੋਹਗੜ੍ਹ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ’ਚ ਕੋਈ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾ ਹੋਣ ਕਰਕੇ ਦਸਵੀਂ ਦੀ ਪੜ੍ਹਾਈ ਤੋਂ ਬਾਅਦ ਬੱਚਿਆਂ ਨੂੰ ਦੂਰ ਦੁਰਾਡੇ ਸਕੂਲਾਂ ਵਿਚ ਦਾਖਲਾ ਲੈਣਾ ਪੈਂਦਾ ਹੈ ਜਾਂ ਫਿਰ ਪ੍ਰਾਈਵੇਟ ਸਕੂਲ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਤੋਂ ਇਵਾਲਾ ਬਹੁਤ ਸਾਰੇ ਮਾਂਪੇ ਆਪਣੀਆਂ ਲੜਕੀਆਂ ਨੂੰ ਦਸਵੀਂ ਦੀ ਪੜ੍ਹਾਈ ਤੋਂ ਬਾਅਦ ਬਾਹਰਲੇ ਸਕੂਲਾਂ ਵਿਚ ਦਾਖਲ ਨਹੀਂ ਕਰਵਾਉਣਾ ਚਾਹੁੰਦੇ। ਇਸ ਸਕੂਲ ਦੇ ਅਪ੍ਰਗੇਡ ਹੋਣ ਨਾਲ ਇਹ ਸਾਰੀਆਂ ਸਮੱਸਿਆਵਾ ਹੱਲ ਹੋ ਜਾਣਗੀਆਂ। ਡੇਰਾਬੱਸੀ ਸਕੂਲ ਦੇ ਕੰਮ ਦੀ ਦੇਖ-ਰੇਖ ਲਈ ਡਿਪਵੈਲਪਮੈਂਟ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਸੇਵਾਮੁਕਤ ਅਧਿਆਪਕ ਕਰਮ ਚੰਦ ਨੂੰ ਪ੍ਰਧਾਨ ਬਣਾਇਆ ਗਿਆ ਹੈ ਜਦਕਿ ਸਮਾਜ ਸੇਵੀ ਭੁਪਿੰਦਰ ਸਿੰਘ ਸੈਣੀ, ਕੌਂਸਲ ਦੇ ਵਾਈਸ ਪ੍ਰਧਾਨ ਹਰਜਿੰਦਰ ਸਿੰਘ ਰੰਗੀ, ਹਰੀ ਸਿੰਘ ਐਮ.ਡੀ. ਬਸੀ ਟਿਊਬਜ਼, ਸਾਬਕਾ ਕੌਂਸਲਰ ਅਸ਼ਵਨੀ ਕੁਮਾਰ ਤੇ ਗੁਰਦਰਸ਼ਨ ਸਿੰਘ ਨੂੰ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਕਮੇਟੀ ਨੇ ਦੱਸਿਆ ਕਿ ਸਕੂਲ ਦੇ ਸਟਾਫ਼ ਅਤੇ ਬੱਚਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।