ਅਜੀਤਗੜ੍ਹ, 27 ਅਗੱਸਤ (ਸਤਵਿੰਦਰ ਸਿੰਘ ਧੜਾਕ) : ਅੱਜ ਗੁਰੂ ਨਾਨਕ ਵਿਦਿਆ ਭਾਰਤੀ ਟਰੱਸਟ ਪੋਲੀਟੈਕਨਿਕ ਇੰਡਸਟਰੀਅਲ ਏਰੀਆ ਫ਼ੇਜ਼-1 ਵਿਖੇ ਪੰਜਾਬ ਤਾਈਕਵਾਂਡੋ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪਧਰੀ ਤਾਈਕਵਾਂਡੋ ਮੁਕਾਬਲੇ ਕਰਵਾਏ ਗਏ। ਇਸ ਮੌਕੇ ਇਨਾਮ ਵੰਡ ਸਮਾਰੋਹ ਦੀ ਰਸਮ ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀ ਕੌਮੀ ਜਨਰਲ ਸਕੱਤਰ ਅਤੇ ਜ਼ਿਲ੍ਹਾ ਇੰਚਾਰਜ ਅਜੀਤਗੜ੍ਹ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਬੀਬੀ ਰਾਮੂਵਾਲੀਆ ਨੇ ਕਿਹਾ ਕਿ ਨਸ਼ਿਆਂ ’ਚ ਡੁੱਬ ਕੇ ਫ਼ਨ੍ਹਾ ਹੋ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰੇਰਤ ਕਰਨਾ ਚਾਹੀਦਾ ਹੈ ਕਿਉਂਕਿ ਖੇਡਾਂ ਵਧੀਆ ਸਿਹਤ, ਅਨੁਸ਼ਾਸਨ, ਨਸ਼ਿਆਂ ਤੋਂ ਮੁਕਤ, ਆਤਮ ਰੱਖਿਆ, ਆਤਮਿਕ ਅਤੇ ਸਰੀਰਕ ਬਲ ਪ੍ਰਦਾਨ ਕਰਦੀਆਂ ਹਨ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਅਪਣੇ ਬੱਚਿਆਂ ਦਾ ਰੁਝਾਨ ਬਚਪਨ ਤੋਂ ਹੀ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਖੇਡਾਂ ਵੱਲ ਰੱਖਿਆ ਜਾਵੇ ਤਾਂ ਜੋ ਸਿਹਤਮੰਦ ਬੱਚੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਣ।
ਬੀਬੀ ਰਾਮੂਵਾਲੀਆ ਨੇ ਅੱਗੇ ਕਿਹਾ ਕਿ ਉਪ ਮੁੱਖ-ਮੰਤਰੀ ਸ. ਸੁਖਬੀਰ ਸਿੰਘ ਬਾਦਲ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ। ਉਨ੍ਹਾਂ ਜ਼ਿਲ੍ਹਾ ਮੋਹਾਲੀ ਤਾਈਕਵਾਂਡੋ ਐਸੋਸੀਏਸ਼ਨ ਦੀ ਪ੍ਰਸੰਸਾ ਕਰਦਿਆਂ ਅਪੀਲ ਕੀਤੀ ਕਿ ਸਮਾਜ ਦੇ ਹੋਰਨਾਂ ਨਿੱਜੀ ਅਤੇ ਸਮਾਜਿਕ ਸੰਗਠਨਾਂ ਨੂੰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸ. ਫੂਲਰਾਜ ਸਿੰਘ, ਸ. ਸਤਪਾਲ ਸਿੰਘ, ਸ. ਕੁਲਵੰਤ ਸਿੰਘ ਚੌਧਰੀ, ਸ. ਸੁਰਿੰਦਰ ਆਨੰਦ, ਸ. ਸੈ ਆਨੰਦ ਆਦਿ ਮੌਕੇ ’ਤੇ ਹਾਜ਼ਰ ਸਨ।