ਰਾਸ਼ਟਰੀ ਖਬਰਾਂ
 

ਜੇ ਸਰਕਾਰ ਨੇ ਹੋਰ ਟੈਕਸ ਲਗਾਏ ਤਾਂ ਪੰਜਾਬ ਦੀਆਂ ਜੇਲਾਂ ਭਰ ਦਿਆਂਗੇ : ਮਨਪ੍ਰੀਤ ਸਿੰਘ ਬਾਦਲ

 

ਬਰਨਾਲਾ/ਲੌਂਗੋਵਾਲ, 26 ਅਗੱਸਤ (ਬਘੇਲ ਸਿੰਘ ਧਾਲੀਵਾਲ/ਅਵਤਾਰ ਅਕਬਰਪੁਰ/ਕੁਲਦੀਪ ਸਿੰਘ) : ਸਾਂਝੇ ਮੋਰਚੇ ਵਲੋਂ ਲੌਂਗੋਵਾਲ ਵਿਖੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 27ਵੀਂ ਬਰਸੀ ਮੌਕੇ ਜੁੜੇ ਰੀਕਾਰਡ ਤੋੜ ਇਕੱਠ ਨੂੰ ਸੰਬੋਧਨ ਕਰਦਿਆਂ ਪੀਪਲਜ਼ ਪਾਰਟੀ ਦੇ ਪ੍ਰਧਾਨ ਅਤੇ ਸਾਂਝੇ ਮੋਰਚੇ ਦੇ ਚੇਅਰਮੈਨ ਮਨਪ੍ਰੀਤ ਸਿੰਘ ਬਾਦਲ ਨੇ ਬੜੇ ਹੀ ਭਾਵ ਭੂਰਤ ਲਫ਼ਜ਼ਾਂ ਵਿਚ ਕਿਹਾ, ‘‘ਸ਼ਹੀਦਾਂ ਦੀ ਧਰਤੀ ਲੌਂਗੋਵਾਲ ਵਿਖੇ ਮੈਂ ਸਪੱਸ਼ਟ ਐਲਾਨ ਕਰਦਾ ਹਾਂ ਕਿ ਸਾਡੇ ਰਸਤੇ ਕਦੇ ਵੀ ਤਬਦੀਲ ਨਹੀਂ ਹੋਣਗੇ। ਜੇ ਸਰਕਾਰ ਨੇ 4 ਹਜ਼ਾਰ ਕਰੋੜ ਦੇ ਟੈਕਸ ਲਗਾ ਕੇ ਪਹਿਲਾਂ ਹੀ ਨਪੀੜੇ ਜਾ ਚੁੱਕੇ ਲੋਕਾਂ ’ਤੇ ਹੋਰ ਬੋਝ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਂਝਾ ਮੋਰਚਾ ਇਸ ਹਰਕਤ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਸੂਬੇ ਦੀਆਂ ਜੇਲਾਂ ਭਰ ਦੇਵੇਗਾ।’’ ਉਨ੍ਹਾਂ ਕਿਹਾ, ‘‘ਮੇਰਾ ਸੁਪਨਾ ਹੈ ਕਿ ਪੰਜਾਬ ਵਿਚ ਜੰਮਣ ਵਾਲਾ ਹਰ ਬੱਚਾ ਉਹ ਸਹੂਲਤਾਂ ਲਵੇ ਜੋ ਮਨਪ੍ਰੀਤ ਸਿੰਘ ਬਾਦਲ ਨੂੰ ਮਿਲੀਆਂ ਹਨ।’’
ਸੀ.ਪੀ.ਐਮ. ਦੇ ਪੋਲਿਟ ਬਿਉਰੋ ਮੈਂਬਰ ਸੀਤਾ ਰਾਮ ਯੇਚੁਰੀ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸੱਚੀ ਸਰਧਾਂਜਲੀ ਇਹੋ ਹੋਵੇਗੀ ਕਿ ਉਨ੍ਹਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰਾਜੀਵ- ਲੌਂਗੋਵਾਲ ਸਮਝੌਤਾ ਲਾਗੂ ਨਾ ਕਰਵਾਉਣ ਲਈ ਜਿਥੇ ਕੇਂਦਰ ਦੀ ਕਾਂਗਰਸ ਜ਼ੁੰਮੇਵਾਰ ਹੈ, ਉਥੇ ਉਸ ਸਮੇਂ ਦੇ ਅਕਾਲੀ ਆਗੂ ਸ. ਗੁਰਚਰਨ ਸਿੰਘ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ ਵੀ ਜ਼ੁੰਮੇਵਾਰ ਹਨ ਜਿਨ੍ਹਾਂ ਨੇ ਹਮੇਸ਼ਾ ਹੀ ਸੂਬੇ ਦੇ ਹਿਤਾਂ ਨਾਲ ਗਦਾਰੀ ਕੀਤੀ ਹੈ। ਸੀ.ਪੀ.ਐਮ. ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੀ ਆਰਥਕਤਾ ਖ਼ਤਰਨਾਕ ਮੋੜ ’ਤੇ ਖੜੀ ਹੈ। ਇਸ ਨੂੰ ਮੁੜ ਲੀਹ ’ਤੇ ਲਿਆਉਣ ਲਈ ਸਾਂਝੇ ਮੋਰਚੇ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੀ ਪ੍ਰਧਾਨ ਬੀਬੀ ਸੁਰਜੀਤ ਕੌਰ ਬਰਨਾਲਾ ਨੇ ਕਿਹਾ ਕਿ ਬਾਦਲ ਪਰਵਾਰ ਸੂਬੇ ਨੂੰ ਦੋਹੀਂ ਹੱਥੀਂ ਲੁੱਟਣ ਤੇ ਲੁਟਾਉਣ ਲੱਗਾ ਹੋਇਆ ਹੈ ਤੇ ਖ਼ਜ਼ਾਨਾ ਖ਼ਾਲੀ ਹੋਣ ਦੀ ਦੁਹਾਈ ਦਿੰਦਾ ਨਹੀਂ ਥਕਦਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ 25 ਸਾਲ ਰਾਜ ਕਰਨ ਦੀ ਗ਼ਲਤ ਫ਼ਹਿਮੀ ਕਾਰਨ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਲ ਧੱਕ ਰਿਹਾ ਹੈ।
ਸਾਂਝੇ ਮੋਰਚੇ ਦੇ ਸਰਪ੍ਰਸਤ ਸੁਰਜੀਤ ਸਿੰਘ ਬਰਨਾਲਾ ਨੇ ਸੰਤ ਲੌਂਗੋਵਾਲ ਨਾਲ ਅਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਜਦ ਸੰਤ ਨੂੰ ਸਸਕਾਰ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਬਾਦਲ ਅਤੇ ਟੌਹੜਾ ਨੂੰ ਲੋਕਾਂ ਨੇ ਗੁੱਸੇ ਕਾਰਨ ਸੰਤਾਂ ਵਾਲੀ ਗੱਡੀ ਵਿਚ ਚੜ੍ਹਨ ਨਾ ਦਿਤਾ ਤੇ ਮੁਰਦਾਬਾਦ ਦੇ ਨਾਹਰੇ ਲਾਏ ਸਨ। ਪੀਪਲਜ਼ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸਰਕਾਰ ਦੀਆਂ ਲੋਕ ਵਿਰੁਧੀ ਨੀਤੀਆਂ ਦਾ ਖੁਲ੍ਹ ਕੇ ਪ੍ਰਗਟਾਵਾ ਕੀਤਾ। ਬਲਦੇਵ ਸਿੰਘ ਮਾਨ ਨੇ ਜਿਥੇ ਸੂਬਾ ਸਰਕਾਰ ਦੀਆਂ ਗ਼ਲਤ ਨੀਤੀਆਂ ਦੀ ਅਲੋਚਨਾ ਕੀਤੀ, ਉਥੇ ਸਾਂਝੇ ਮੋਰਚੇ ਦੇ ਹੱਕ ਵਿਚ ਲੋਕਾਂ ਤੋਂ ਜੈਕਾਰਿਆਂ ਨਾਲ ਸਾਂਝੇ ਪ੍ਰੋਗਰਾਮ ਦੀ ਪ੍ਰਵਾਨਗੀ ਲਈ। ਕਾਮਰੇਡ ਜੁਗਿੰਦਰ ਦਿਆਲ ਨੇ ਕਿਹਾ ਕਿ ਪੂਰੇ ਦੇਸ਼ ਨੂੰ ਅਨਾਜ ਪੈਦਾ ਕਰ ਕੇ ਦੇਣ ਵਾਲਾ ਅੰਨ ਦਾਤਾ ਕਿਸਾਨ ਅੱਜ ਸਰਕਾਰ ਦੀਆਂ ਗ਼ਲਤ ਆਰਥਕ ਨੀਤੀਆਂ ਕਾਰਨ ਦਿਨ-ਬ-ਦਿਨ ਗ਼ਰੀਬ ਹੁੰਦਾ ਜਾ ਰਿਹਾ ਹੈ। ਕਾਮਰੇਡ ਚਰਨ ਸਿੰਘ ਬਿਰਦੀ, ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਲੋਕ ਜਨ ਮੁਕਤੀ ਪਾਰਟੀ ਦੇ ਕੇਂਦਰੀ ਆਗੂ ਸੰਜੇ, ਸ੍ਰੀ ਵਿਜੇ ਮਿਸਰਾ ਮੁਖ ਬੁਲਾਰਾ ਸੀ.ਪੀ.ਆਈ, ਗਗਨਜੀਤ ਸਿੰਘ ਬਰਨਾਲਾ, ਬੀਬੀ ਹਰਪ੍ਰੀਤ ਕੌਰ ਬਰਨਾਲਾ, ਜਸਜੀਤ ਸਿੰਘ ਬਰਨਾਲਾ, ਕੁਲਦੀਪ ਸਿੰਘ ਢੋਸ, ਅਰਨਯੋਤ ਸਿੰਘ ਸੋਢੀ, ਅਭੈ ਸੰਧੂ, ਸੁਰਿੰਦਰ ਸਿੰਘ ਧੂਰੀ, ਗੁਰਮੇਲ ਸਿੰਘ ਛੀਨੀਵਾਲ ਮੁੱਖ ਬੁਲਾਰਾ ਅਕਾਲੀ ਦਲ ਲੌਂਗੋਵਾਲ, ਕੁਲਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਗੁਰਦੁਆਰਾ, ਬਲਦੇਵ ਸਿੰਘ ਬ੍ਰਹਮਪੁਰਾ ਤਰਨਤਾਰਨ, ਭਾਗ ਸਿੰਘ ਭਸਰਾ ਸ਼ਹਿਰੀ ਲੁਧਿਆਣਾ, ਹਿੰਮਤ ਸਿੰਘ ਅਤਲਾ ਮਾਨਸਾ, ਸੀਨੀਅਰ ਆਗੂ ਹਰਬੰਸ ਸਿੰਘ ਸਿਧਵਾਂ, ਭੋਲਾ ਸਿੰਘ ਕਮਾਲਪੁਰਾ, ਅਮਨਦੀਪ ਸਿੰਘ ਵੇਰਕਾ, ਜੋਗਾ ਸਿੰਘ ਚਪੜ ਪ੍ਰਧਾਨ ਪੀ.ਪੀ.ਪੀ. ਪਟਿਆਲਾ, ਹਰਦੇਵ ਸਿੰਘ ਧਨੌਲਾ, ਗੁਰਦੇਵ ਸਿੰਘ ਝਲੂਰ, ਧੰਨਾ ਸਿੰਘ ਬਾਜਵਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਰਾਜ ਧੌਲਾ ਪ੍ਰਧਾਨ ਹਿੰਦੂ ਵਿੰਗ, ਜਥੇਦਾਰ ਸੋਹਣ ਸਿੰਘ ਝਲੂਰ ਨੇ ਵੀ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਰੁਪਿੰਦਰ ਸਿੰਘ ਸੰਧੂ ਅਤੇ ਹਰਵਿੰਦਰ ਸਿੰਘ ਕਾਕੜਾ ਨੇ ਸਟੇਜ ਦੀ ਜ਼ੁੰਮੇਵਾਰੀ ਨਿਭਾਈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.