ਲੁਧਿਆਣਾ, 25 ਅਗੱਸਤ (ਜਸਵਿੰਦਰ ਸਿੰਘ ਚਾਵਲਾ) : ਮੋਗਾ ਨੇੜੇ ਪਿੰਡ ਭਿੰਡਰ ਕਲਾਂ ਵਿਚ ਜਿਸ ਤਾਂਤਰਿਕ ਮੱਤੀ ਔਰਤ ਪਾਲੋ ਨੇ ਪਿੰਡ ਮਨਾਵਾਂ ਦੀ ਇਕ 10 ਸਾਲ ਦੀ ਮਾਸੂਮ ਬੱਚੀ ਅੰਦਰੋਂ ਭੂਤ ਕੱਢਣ ਦੇ ਵਹਿਮ ਅਧੀਨ, ਗਰਮ ਚਿਮਟਿਆਂ ਨਾਲ ਕੁੱਟ-ਕੁੱਟ ਕੇ ਮਾਰਨ ਦਾ ਦਿਲ ਕੰਬਾਊ ਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਖ਼ੂਨੀ ਕਾਰਾ ਕੀਤਾ ਹੈ, ਅਸਲ ਵਿਚ ਉਹ ਔਰਤ ਤੇ ਉਸ ਦੇ ਸਾਥੀ ਖੂਨ ਪੀਣੀ ਮਹਾਂਕਾਲੀ ਕਾਲਕਾ ਦੇ ਭਗਤ ਸਨ। ਅਪਣੇ ਗਲ ਵਿਚ ਮਨੁੱਖੀ ਖੋਪਰੀਆਂ ਦੀ ਮਾਲਾ ਪਾਉਣ ਵਾਲੀ ਮਹਾਂਕਾਲੀ ਉਹੀ ਦੇਵੀ ਹੈ, ਜਿਸ ਨੂੰ ਬਿਪਰਵਾਦੀ ਡੇਰੇਦਾਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ਰੀਕ ਬਣਾਏ ਜਾ ਰਹੇ ਬਚਿਤ੍ਰ ਨਾਟਕ (ਦਸਮ ਗ੍ਰੰਥ) ਵਿਚ ਮਹਾਕਾਲ ਕਾਲਕਾ, ਮਾਤ ਕਾਲਕਾ, ਸ੍ਰੀ ਭਗਉਤੀ ਅਤੇ ਦੁਰਗਾ ਆਦਿਕ ਨਾਂ ਦੇ ਕੇ ਰੱਬੀ-ਵਿਸ਼ੇਸ਼ਣਾਂ ਨਾਲ ਸਲਾਹਿਆ ਗਿਆ ਹੈ। ਧਰਮਸ਼ਾਲਾ ਅੰਦਰਲੇ ਉਸ ਖੂਨੀ ਥੜੇ ਦੀ ਕੰਧ ਨਾਲ ਲੱਗੀਆਂ ਸ਼ਿਵ ਜੀ ਤੇ ਕਾਲਕਾ ਦੀਆਂ ਤਸਵੀਰਾਂ ਅਤੇ ਧੂੰਣੇ ਵਿਚ ਗੱਡਿਆ ਤ੍ਰਿਸ਼ੂਲ, ਇਸ ਸੱਚਾਈ ਦੇ ਪ੍ਰਤੱਖ ਪ੍ਰਮਾਣ ਹਨ। ਇਹ ਲਫ਼ਜ਼ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਇਕ ਲਿਖਤੀ ਬਿਆਨ ਵਿਚ ਕਹੇ, ਜਿਹੜੇ ਬੀਤੇ ਕਲ ਫ਼ਤਿਹ ਮਲਟੀ ਮੀਡੀਆ ਦੀ ਟੀਮ ਨਾਲ ਉਸ ਪਿੰਡ ਦੇ ਲੋਕਾਂ ਤੇ ਪੁਲਿਸ ਨੂੰ ਮਿਲ ਕੇ ਆਏ ਹਨ।
ਉਨ੍ਹਾਂ ਦਸਿਆ ਕਿ ਧਰਮਕੋਟ ਦੇ ਥਾਣੇਦਾਰ ਜਸਬੀਰ ਸਿੰਘ ਨੇ ਦੋਸ਼ੀਆਂ ਨੂੰ ਮੌਕੇ ’ਤੇ ਕਾਬੂ ਕਰਕੇ ਧਾਰਾ 302 ਅਧੀਨ ਗ੍ਰਿਫ਼ਤਾਰ ਕਰਦਿਆਂ ਅਦਾਲਤ ਪਾਸੋਂ ਚਾਰ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈ। ਭਾਵੇਂ ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਏਗਾ ਪਰ ਫਿਰ ਵੀ ਲੋੜ ਹੈ ਕਿ ਮਾਨਵ-ਹਿਤਕਾਰੀ ਤੇ ਪ੍ਰਚਾਰਕ ਸਿੱਖ ਜਥੇਬੰਦੀਆਂ ਅਪਣਾ ਦਬਾਅ ਬਣਾਈ ਰਖਣ ਅਤੇ ਇਲਾਕੇ ਦੇ ਲੋਕਾਂ ਨੂੰ ਅਜਿਹੇ ਅੰਧਵਿਸ਼ਵਾਸੀ ਵਹਿਮਾਂ-ਭਰਮਾਂ ਬਾਰੇ ਜਾਣੂ ਕਰਾਉਣ ਕਿਉਂਕਿ ਉਸ ਇਲਾਕੇ ਵਿਚ ਕਾਲੀ ਦੇਵੀ ਦੇ ਭਗਤਾਂ ਅਤੇ ਭੂਤ-ਪ੍ਰੇਤ ਕੱਢਣ ਦਾ ਢੌਂਗ ਰਚਾਈ ਬੈਠੇ ਲੋਕਾਂ ਦੀ ਖ਼ਾਸ ਭਰਮਾਰ ਹੈ। ਸ਼ਰਮ ਦੀ ਗੱਲ ਹੈ ਕਿ ਉਸ ਖ਼ੂਨੀ ਟਿਕਾਣੇ ਦਾ ਨਾਂ ‘ਬੌਰੀਏ ਸਿੱਖਾਂ ਦੀ ਧਰਮਸ਼ਾਲਾ’ ਹੈ ਅਤੇ ਉਹ ਤਾਂਤਰਿਕ-ਮਤੀ ਔਰਤ ਪਿੰਡ ਦੀ ਮੌਜੂਦਾ ਸਰਪੰਚ ਹੈ। ਹੋਰ ਹੈਰਾਨੀ ਦੀ ਗੱਲ ਹੈ ਕਿ ਇਸ ਇਲਾਕੇ ਵਿਚ ਤਿੰਨ ਪ੍ਰਮੁੱਖ ਸੰਪਰਦਾਈ ਡੇਰੇਦਾਰ ਟਕਸਾਲਾਂ ਹਨ, ਜਿਵੇਂ ਟਕਸਾਲ ਭਿੰਡਰਾਂ, ਟਕਸਾਲ ਬੋਪਰਾਇ ਤੇ ਟਕਸਾਲ ਨਾਨਕਸਰ ਕਲੇਰਾਂ, ਜਿਹੜੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦੀ ਚਰਚਾ ਕਰਦੇ ਹਨ। ਜਿਸ ਸੜਕ ’ਤੇ ਉਹ ਪਿੰਡ ਹੈ, ਉਸ ਦਾ ਨਾਂ ਵੀ ਬਾਬਾ ਨੰਦ ਸਿੰਘ ਰੋਡ ਹੈ। ਗਿਆਨੀ ਜਾਚਕ ਹੁਰਾਂ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਨੂੰ ਉਸ ਵੇਲੇ ਸ਼ਰਮਸਾਰ ਹੋਣਾ ਪਿਆ, ਜਦੋਂ ਲੋਕਾਂ ਦੇ ਇਕੱਠ ਵਿਚੋਂ ਇਕ ਖੁਲ੍ਹੇ ਦਾੜ੍ਹੇ ਵਿਚ ਬਜ਼ੁਰਗ ਸਿੱਖ ਨੇ ਕਿਹਾ ਕਿ ਗਿਆਨੀ ਜੀ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵੀ ਰਹੇ ਹੋ। ਉਥੋਂ ਰੀਲੇਅ ਹੁੰਦੇ ਕੀਰਤਨ ਵਿਚ ਅਸੀਂ ਆਮ ਹੀ ਸ਼ਬਦ ਸੁਣਦੇ ਹਾਂ ‘ਮਹਾਕਾਲ ਕਾਲਕਾ ਅਰਾਧੀ’ ਅਤੇ ‘ਕਾਲ ਤੂਹੀ ਕਾਲੀ ਤੂਹੀ’ ਆਦਿ। ਪਰ ਤੁਸੀਂ ਕਹਿੰਦੇ ਹੋ ਕਿ ਸਿੱਖ ਨੂੰ ਅਕਾਲਪੁਰਖ ਤੋਂ ਇਲਾਵਾ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਨੀ ਚਾਹੀਦੀ। ਇਹ ਕੀ ਮਾਜਰਾ ਹੈ? ਅਸੀਂ ਤਾਂ ਡੇਰੇ ਵਿਚ ਸੁਖਮਨੀ ਸਾਹਿਬ ਦੀ ਕਥਾ ਸੁਣੀ ਹੈ, ਜਿਸ ਵਿਚ ਬਾਬਾ ਜੀ ਨੇ ‘ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ’ ਤੁਕ ਦੇ ਅਰਥ ਕਰਦਿਆਂ ਦਸਿਆ ਸੀ ਕਿ ਕ੍ਰੋੜਾਂ ਹੀ ਭੂਤ ਪ੍ਰੇਤ ਹਨ। ਤੁਸੀਂ ਕਹਿੰਦੇ ਹੋ ਕਿ ਮਰੇ ਹੋਏ ਕੋਈ ਭੂਤ ਪ੍ਰੇਤ ਨਹੀਂ ਹੁੰਦੇ, ਭੂਤ-ਪ੍ਰੇਤ ਤਾਂ ਪਾਲੋ ਸਰਪੰਚਣੀ ਵਰਗੇ ਰੱਬ ਨਾਲੋਂ ਟੁੱਟੇ ਲੋਕ ਹੁੰਦੇ ਹਨ। ਦੱਸੋ! ਅਸੀਂ ਕਿਹਦਾ ਸੱਚ ਮੰਨੀਏ?