ਚੰਡੀਗੜ੍ਹ, 24 ਅਗੱਸਤ (ਗੁਰਪ੍ਰੀਤ ਮਹਿਕ) : ਪੰਜਾਬ ਦੇ ਮਾਲ ਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਨੂੰ ਹੇਠਲੇ ਪੱਧਰ ’ਤੇ ਲਾਗੂ ਕਰਨ ਸਬੰਧੀ ਆਮ ਲੋਕਾਂ ਦੇ ਵਿਚਾਰ (ਫੀਡਬੈਕ) ਸਰਕਾਰ ਤਕ ਪਹੁੰਚਾਉਣ।
ਅੱਜ ਇਥੇ ਲੋਕ ਸੰਪਰਕ ਵਿਭਾਗ ਦੀ ਮੀਡੀਆ ਮੁਖੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਲੋਕ ਸੰਪਰਕ ਵਿਭਾਗ ਦੇ ਫੀਲਡ ਵਿਚ ਕੰਮ ਕਰਦੇ ਅਧਿਕਾਰੀ ਸਰਕਾਰ ਦੇ ਅੱਖਾਂ ਤੇ ਕੰਨ ਹਨ ਤੇ ਉਨ੍ਹਾਂ ਨੂੰ ਸਰਕਾਰ ਵਲੋਂ ਸ਼ੁਰੂ ਕੀਤੇ ਕੰਮਾਂ ਦੀ ਹੇਠਲੇ ਪੱਧਰ ’ਤੇ ਸਫ਼ਲਤਾ ਜਾਂ ਅਸਫ਼ਲਤਾ ਸਬੰਧੀ ਲਗਾਤਾਰ ਸਰਕਾਰ ਨੂੰ ਰੀਪੋਰਟ ਭੇਜਣੀ ਚਾਹੀਦੀ ਹੈ। ਸ. ਮਜੀਠੀਆ ਨੇ ਕਿਹਾ ਕਿ ਲੋਕ ਸੰਪਰਕ ਵਿਭਾਗ ਸੇਵਾ ਦੇ ਅਧਿਕਾਰ ਸਬੰਧੀ ਵੀ ਜਨਤਾ ਦੇ ਵਿਚਾਰ ਸਰਕਾਰ ਤੱਕ ਪਹੁੰਚਾਉਣ। ਇਲੈਕਟ੍ਰਾਨਿਕ ਮੀਡੀਆ ਤੇ ਆਨ ਲਾਇਨ ਅਖਬਾਰਾਂ ਰਾਹੀਂ ਪੰਜਾਬ ਸਰਕਾਰ ਦੀਆਂ ਯੋਜਨਾਵਾਂ, ਨੀਤੀਆਂ ਤੇ ਫੈਸਲੇ ਲੋਕਾਂ ਤੱਕ ਪੁੱਜਦੇ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਸ. ਮਜੀਠੀਆ ਨੇ ਕਿਹਾ ਕਿ ਇਸ ਲਈ ਇਕ ਵਿਸ਼ੇਸ਼ ਸੈਲ ਵੀ ਕਾਇਮ ਕੀਤਾ ਜਾਵੇਗਾ।
ਪੰਜਾਬ ਸਰਕਾਰ ਵਲੋਂ ਪ੍ਰਵਾਸੀ ਭਾਰਤੀਆਂ ਨਾਲ ਰਾਬਤਾ ਹੋਰ ਵਧੀਆ ਤਰੀਕੇ ਨਾਲ ਕਾਇਮ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਲੋਕ ਸੰਪਰਕ ਵਿਭਾਗ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਜਰਮਨੀ ਤੇ ਇਟਲੀ ਆਦਿ ਜਿੱਥੇ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰਾ ਵਸਦਾ ਹੈ, ਵਿਖੇ ਛਪਦੇ ਪ੍ਰਮੁੱਖ ਅਖਬਾਰਾਂ , ਚੈਨਲਾਂ ਤੇ ਰੇਡੀਓ ਸਬੰਧੀ ਪੂਰੀ ਜਾਣਕਾਰੀ ਤਿਆਰ ਕਰੇ।
ਮੀਟਿੰਗ ਦੌਰਾਨ ਬੋਲਦਿਆਂ ਮੁੱਖ ਮੰਤਰੀ ਦੇ ਸਲਾਹਕਾਰ (ਕੌਮੀ ਮਾਮਲੇ ਤੇ ਮੀਡੀਆ) ਸ੍ਰੀ ਹਰਚਰਨ ਬੈਂਸ ਨੇ ਵਿਸ਼ੇਸ਼ ਵਿਕਾਸ ਕਹਾਣੀਆਂ ਰਾਹੀਂ ਪੰਜਾਬ ਸਰਕਾਰ ਦਾ ਵਿਕਾਸ ਮੁਖੀ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ।
ਮੀਟਿੰਗ ਦੌਰਾਨ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਐਨ.ਐਸ.ਕੰਗ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਸ੍ਰੀ ਡੀ.ਐਸ. ਮਾਂਗਟ ਤੇ ਸਮੂਹ ਬਰਾਂਚਾਂ ਦੇ ਮੀਡੀਆ ਹੈਡਜ਼ ਮੌਜੂਦ ਸਨ।