ਜੰਮੂ, 20 ਅਗੱਸਤ : ਪਾਕਿਸਤਾਨੀ ਫ਼ੌਜ ਵਲੋਂ, ਪਿਛਲੇ ਪੰਦਰਵਾੜੇ ਦੌਰਾਨ ਬੀਤੀ ਰਾਤ ਲਗਾਤਾਰ 14ਵੀਂ ਵਾਰ ਕੀਤੀ ਗਈ ਗੋਲੀਬੰਦੀ ਦੀ ਉ¦ਘਣਾ ਪਿੱਛੋਂ ਸਰਹੱਦ ਉਤੇ ਹਾਲਾਤ ਤਣਾਅਪੂਰਨ ਬਣ ਗਏ ਹਨ। ਸਰਹੱਦੀ ਇਲਾਕਿਆਂ ਵਿਚ ਖ਼ਰਾਬ ਹੁੰਦੇ ਹਾਲਾਤ ਨੂੰ ਵੇਖਦਿਆਂ ਫ਼ੌਜ ਨੇ ਪਾਕਿ ਫ਼ੌਜ ਦੀਆਂ ਸਰਗਰਮੀਆਂ ’ਤੇ ਨਜ਼ਰ ਰਖਣੀ ਸ਼ੁਰੂ ਕਰ ਦਿਤੀ ਹੈ। ਸੂਤਰਾਂ ਮੁਤਾਬਕ ਫ਼ੌਜ ਨੇ ਸਰਹੱਦੀ ਇਲਾਕਿਆਂ ਵਿਚ ਵੱਖ-ਵੱਖ ਥਾਵਾਂ ’ਤੇ ਮੋਰਚੇ ਸੰਭਾਲ ਲਏ ਹਨ। ਸਰਹੱਦੀ ਇਲਾਕੇ ਅਬਦੁੱਲੀਆਂ, ਕੋਰੋਟਾਨਾ ਖ਼ੁਰਦ, ਗੁਲਾਬਗੜ੍ਹ ਬਸਤੀ, ਨਈ ਬਸਤੀ, ਸੁਚੇਤਗੜ੍ਹ, ਸੇਈ ਅਤੇ ਨਿਕਵਾਲ ਪਿੰਡਾਂ ਵਿਚ ਹੌਲੀ-ਹੌਲੀ ਫ਼ੌਜ ਦੇ ਜਵਾਨ ਪਹੁੰਚਣ ਲੱਗ ਪਏ ਹਨ। ਫ਼ਿਲਹਾਲ ਸਰਹੱਦ ਉਤੇ ਬੀ. ਐਸ. ਐਫ਼. ਨੇ ਵੀ ਮੋਰਚਾ ਸੰਭਾਲਿਆ ਹੋਇਆ ਹੈ ਅਤੇ ਫ਼ੌਜ ਪਿੱਛੋਂ ਹੀ ਬੀ. ਐਸ. ਐਫ਼. ਦੀ ਮਦਦ ਕਰੇਗੀ। ਦਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਸਰਹੱਦ ’ਤੇ ਕਾਫ਼ੀ ਹਲਚਲ ਵੇਖੀ ਜਾ ਰਹੀ ਹੈ। ਤਿੰਨ-ਚਾਰ ਦਿਨਾਂ ਤੋਂ ਪਾਕਿ ਵਲੋਂ ਗੋਲੀਬੰਦੀ ਦੀ ਕੀਤੀ ਜਾ ਰਹੀ ਉ¦ਘਣਾ ਦੇ ਮੱਦੇਨਜ਼ਰ ਬੀ. ਐਸ. ਐਫ. ਨੇ ਵੀ ਕਈ ਪਿੰਡਾਂ ਦੇ ਲੋਕਾਂ ਨੂੰ ਖੇਤਾਂ ਅਤੇ ਬਾਹਰ ਨਾ ਜਾਣ ਦੀ ਸਲਾਹ ਦਿਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੰਗ ਵਰਗੇ ਹਾਲਾਤ ਲੱਗ ਰਹੇ ਹਨ। ਪਿੰਡਾਂ ਵਿਚ ਹਰ ਪਾਸੇ ਫ਼ੌਜ ਦੇ ਜਵਾਨ ਆਉਂਦੇ-ਜਾਂਦੇ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਐਤਵਾਰ ਰਾਤ 10 ਵਜੇ ਪਾਕਿਸਤਾਨੀ ਫ਼ੌਜ ਨੇ ਭਾਰਤ-ਪਾਕਿ ਅੰਤਰ-ਰਾਸ਼ਟਰੀ ਸਰਹੱਦ ’ਤੇ ਅਖਨੂਰ ਸੈਕਟਰ ਵਿਚ ਭਾਰਤੀ ਚੌਕੀਆਂ ਗੜਖਾਲ ਅਤੇ ਸਿਦੜਾ ਨੂੰ ਨਿਸ਼ਾਨਾ ਬਣਾਇਆ। ਜਵਾਬੀ ਕਾਰਵਾਈ ਵਿਚ ਇਕ ਘੁਸਪੈਠੀਆ ਹਲਾਕ ਹੋ ਗਿਆ ਜਦਕਿ ਬਾਕੀ ਹੋਰ ਵਾਪਸ ਦੌੜ ਗਏ। ਬੀ. ਐਸ. ਐਫ਼. ਦੇ ਜਵਾਨਾਂ ਨੇ ਵੀ ਪਾਕਿ ਰੇਂਜਰਾਂ ਨੂੰ ਮੂੰਹ-ਤੋੜ ਜਵਾਬ ਦਿਤਾ। ਗੜਖਾਲ ਸੰਘਣੀ ਆਬਾਦੀ ਵਾਲਾ ਇਲਾਕਾ ਹੈ। ਇਥੋਂ ਦੇ ਲੋਕਾਂ ਵਿਚ ਦਹਿਸ਼ਤ ਫੈਲੀ ਹੋਈ ਹੈ। ਅਧਿਕਾਰੀਆਂ ਨੇ ਦਸਿਆ ਕਿ ਪਾਕਿ ਰੇਂਜਰਾਂ ਨੇ ਬੀਤੀ ਰਾਤ 10.30 ਵਜੇ ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ਵਿਚ ਅੰਤਰ-ਰਾਸ਼ਟਰੀ ਸਰਹੱਦ ’ਤੇ ਮਾਲਾ ਬੇਲਾ, ਗਰਖਲ, ਸਿਦਰਾ ਕੈਂਪ ਅਤੇ ਨਾਕਾ ਨੰਬਰ ਦਸ ’ਤੇ ਮੌਜੂਦ ਭਾਰਤੀ ਚੌਕੀਆਂ ’ਤੇ ਗੋਲੀਬਾਰੀ ਕੀਤੀ। ਉੁਨ੍ਹਾਂ ਦਸਿਆ ਕਿ ਗੋਲੀਬਾਰੀ ਦਾ ਉਦੇਸ਼ ਅਤਿਵਾਦੀਆਂ ਦੇ ਇਕ ਗਰੁਪ ਨੂੰ ਭਾਰਤੀ ਸਰਹੱਦ ਵਿਚ ਦਾਖ਼ਲ ਕਰਵਾਉਣ ਵਿਚ ਮਦਦ ਕਰਨਾ ਸੀ। ਉੁਨ੍ਹਾਂ ਦਸਿਆ ਕਿ ਗੋਲੀਬਾਰੀ ਸਵੇਰੇ 7.30 ਵਜੇ ਤਕ ਜਾਰੀ ਰਹੀ।
ਸਰਹੱਦੀ ਪਿੰਡਾਂ ਵਿਚ ਡਰ ਵਾਲਾ ਮਾਹੌਲ : ਪਾਕਿ ਫ਼ੌਜ ਵਲੋਂ ਕੀਤੀ ਜਾ ਰਹੀ ਗੋਲੀਬਾਰੀ ਦੇ ਮੱਦੇਨਜ਼ਰ ਸਰਹੱਦ ’ਤੇ ਵਸੇ ਪਿੰਡਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਪਿੰਡਾਂ ਦੇ ਲੋਕਾਂ ਦੀ ਨਜ਼ਰ ਹਰ ਪਲ ਪਾਕਿਸਤਾਨੀ ਚੌਕੀਆਂ ਵਲ ਰਹਿੰਦੀ ਹੈ। ਸੂਰਜ ਛਿਪਦਿਆਂ ਹੀ ਲੋਕ ਪਿੰਡ ਛੱਡ ਦੇਂਦੇ ਹਨ ਅਤੇ ਸਵੇਰ ਹੋਣ ’ਤੇ ਫਿਰ ਡਰ ਦੇ ਸਾਏ ਹੇਠ ਵਾਪਸ ਆ ਜਾਂਦੇ ਹਨ। ਜ਼ੀਰੋ ਲਾਈਨ ਤੋਂ ਸਿਰਫ਼ ਤਿੰਨ ਸੌ ਮੀਟਰ ਦੂਰੀ ’ਤੇ ਵਸੇ ਕੋਰੋਟਾਨਾ ਖ਼ੁਰਦ ਦੇ ਲੋਕਾਂ ਦਾ ਕਹਿਣਾ ਹੈ ਕਿ ਤਿਉਹਾਰ ¦ਘਦਿਆਂ ਹੀ ਪਾਕਿਸਤਾਨੀ ਫਿਰ ਤੋਂ ਗੋਲੀਬਾਰੀ ਸ਼ੁਰੂ ਕਰ ਦੇਣਗੇ। ਪੰਜ ਸੌ ਦੀ ਆਬਾਦੀ ਵਾਲਾ ਇਹ ਪਿੰਡ ਤਿੰਨਾਂ ਪਾਸਿਆਂ ਤੋਂ ਬਾਰਡਰ ਨਾਲ ਘਿਰਿਆ ਪਿਆ ਹੈ। ਇਕ ਪਾਸੇ ਖੇਤ ਹਨ। ਅਜਿਹੇ ਵਿਚ ਜੇਕਰ ਰਾਤ ਨੂੰ ਗੋਲੀਬਾਰੀ ਸ਼ੁਰੂ ਹੋ ਜਾਂਦੀ ਹੈ ਤਾਂ ਇਥੋਂ ਨਿਕਲਣਾ ਮੁਸ਼ਕਲ ਹੋ ਜਾਵੇਗਾ। ਪਿੰਡ ਤੋਂ ਨਿਕਲਣ ਲਈ ਇਕੋ ਇਕ ਰਸਤਾ ਹੈ ਜੋ ਪਾਕਿਸਤਾਨੀ ਬੰਕਰ ਦੇ ਠੀਕ ਸਾਹਮਣੇ ਪੈਂਦਾ ਹੈ। ਜ਼ੀਰੋ ਲਾਈਨ ਤੋਂ ਚਾਰ ਸੌ ਮੀਟਰ ਦੂਰ ਸਥਿਤ ਪੰਜ ਹਜ਼ਾਰ ਦੀ ਆਬਾਦੀ ਵਾਲੇ ਅਬਦੁੱਲੀਆਂ ਪਿੰਡ ਦੇ ਲੋਕਾਂ ਦਾ ਹਾਲ ਵੀ ਕੁੱਝ ਅਜਿਹਾ ਹੀ ਹੈ। ਪ੍ਰਸ਼ਾਸਨਕ ਅਧਿਕਾਰੀਆਂ ਅਤੇ ਸਿਆਸਤਦਾਨਾਂ ਦਾ ਸਰਹੱਦੀ ਇਲਾਕਿਆਂ ਵਿਚ ਜਾਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। (ਏਜੰਸੀ)