ਨਵੀਂ ਦਿੱਲੀ, 20 ਅਗੱਸਤ (ਅਮਨਦੀਪ ਸਿੰਘ) : ਯੋਗੀ ਰਾਮਦੇਵ ਵਲੋਂ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ’ਤੇ ਸਿੱਖ ਧਰਮ ਬਾਰੇ ਕੀਤੀਆਂ ਕਥਿਤ ਭੱਦੀਆਂ ਟਿੱਪਣੀਆਂ ਨੂੰ ਲੈ ਕੇ ਸਿੱਖਾਂ ਦਾ ਰੋਸ ਵੱਧਦਾ ਜਾ ਰਿਹਾ ਹੈ। ਸਰਵ ਪ੍ਰਦੇਸ਼ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਹਰਿਦੁਆਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਯੋਗੀ ਰਾਮਦੇਵ ਨੂੰ ਪ੍ਰਧਾਨ ਮੰਤਰੀ ਬਾਰੇ ਭੱਦੀ ਸ਼ਬਦਾਵਲੀ ਵਰਤਣ ਦਾ ਕੋਈ ਹੱਕ ਨਹੀਂ। ਸਰਵ ਪ੍ਰਦੇਸ਼ ਗੁਰਦਵਾਰਾ ਕਮੇਟੀ ਦੇ ਕੌਮੀ ਸਕੱਤਰ ਜਨਰਲ ਸ.ਇੰਦਰਜੀਤ ਸਿੰਘ ਚੁੱਘ ਨੇ ਯੋਗੀ ਰਾਮਦੇਵ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਡਾ.ਮਨਮੋਹਨ ਸਿੰਘ ਤੇ ਸਿੱਖ ਧਰਮ ਬਾਰੇ ਕੀਤੀ ਟਿੱਪਣੀ ਲਈ ਸਮੁੱਚੀ ਸਿੱਖ ਕੌਮ ਕੋਲੋਂ ਤੁਰਤ ਮੁਆਫ਼ੀ ਮੰਗ ਲੈਣ, ਨਹੀਂ ਤਾਂ ਪੂਰੇ ਦੇਸ਼ ਵਿਚ ਉਨ੍ਹਾਂ ਵਿਰੁਧ ਜ਼ੋਰਦਾਰ ਰੋਸ ਮੁਜ਼ਾਹਰੇ ਕਰਦਿਆਂ ਯੋਗੀ ਰਾਮਦੇਵ ਦੇ ਪੁਤਲੇ ਫ਼ੂਕੇ ਜਾਣਗੇ। ਸ.ਚੁੱਘ ਨੇ ਕਿਹਾ ਕਿ ਸਰਵ ਪ੍ਰਦੇਸ਼ ਗੁਰਦਵਾਰਾ ਕਮੇਟੀ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਹੋਰ ਜੱਥੇਬੰਦੀਆਂ ਵਲੋਂ ਯੋਗੀ ਰਾਮਦੇਵ ਦੀ ਭੱਦੀ ਟਿੱਪਣੀ ਦੀ ਪੁਰਜ਼ੋਰ ਸ਼ਬਦਾਂ ’ਚ ਨਿਖੇਧੀ ਕੀਤੀ ਜਾਂਦੀ ਹੈ। ਸਪੋਕਸਮੈਨ ਨੂੰ ਭੇਜੇ ਅਪਣੇ ਬਿਆਨ ’ਚ ਸ.ਚੁੱਘ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ ਉ¤ਤਰਾਖੰਡ ਦੇ ਮੁਖ ਮੰਤਰੀ ਨੂੰ ਮਿਲ ਕੇ ਯੋਗੀ ਰਾਮਦੇਵ ਦੀ ਜਾਇਦਾਦ ਤੇ ਕਾਲੇ ਧਨ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਜਾਵੇਗੀ। ਫੇਮਾ ਕਾਨੂੰਨ ਤਹਿਤ ਯੋਗੀ ਵਿਰੁਧ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ।