ਨਵੀਂ ਦਿੱਲੀ, 20 ਅਗੱਸਤ (ਸੁਖਰਾਜ ਸਿੰਘ): ਈਦ ਦੇ ਸ਼ੁੱਭ-ਦਿਹਾੜੇ ਮੌਕੇ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ: ਪੁਸ਼ਪਿੰਦਰ ਸਿੰਘ ਨੇ ਇਥੇ ਦੇ ਇੰਦਰਲੋਕ ਮਸਜਿਦ ਸਾਹਮਣੇ ਕੀਤੇ ਸਮਾਗਮ ’ਚ ਹਜ਼ਾਰਾਂ ਮੁਸਲਿਮ ਲੋਕਾਂ ’ਚ ਸ਼ਾਮਲ ਹੋ ਕੇ ਅਮਨ, ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦਿਤਾ ਅਤੇ ਕਿਹਾ ਕਿ ਉਹ ਛੇਤੀ ਹੀ ਦਿੱਲੀ ਦੀ ਮੁੱਖ ਮੰਤਰੀ ਸ੍ਰੀ ਮਤੀ ਸ਼ੀਲਾ ਦੀਕਸ਼ਤ ਦੇ ਆਦੇਸ਼ ਅਨੁਸਾਰ ਘੱਟ-ਗਿਣਤੀਆਂ ਦੀ ਭਲਾਈ ਨਾਲ ਸੰਬੰਧਤ ਯੋਜਨਾਵਾਂ ਦੀ ਜਾਣਕਾਰੀ ਮੁਹੱਈਆ ਕਰਾਉਣ ਲਈ ਤਿਆਰ ਕੀਤੀ ਵਿਸ਼ੇਸ਼ ਪੁਸਤਕ ‘ਏ ਸਟੈਪ ਫਾਰਵਰਡ’ ਦਾ ਉਰਦੂ ਭਾਸ਼ਾ ’ਚ ਤਰਜਮਾ ਕਰਵਾ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਭੇਂਟ ਕਰਨਗੇ। ਇਹ ਸੇਵਾ ਸ੍ਰੀ ਅਬਦੁੱਲ ਵਾਹਿਦ ਕੁਰੈਸ਼ੀ ਨੇ ਕਰਨ ਦਾ ਭਰੋਸਾ ਦਿਤਾ। ਦਿੱਲੀ ਦੇ ਹਰ ਮਦਰਸੇ ਅਤੇ ਮੁਸਲਿਮ ਸੰਸਥਾਵਾਂ ਨੂੰ ਇਹ ਪੁਸਤਕ ਮੁਫ਼ਤ ਭੇਜੀ ਜਾਵੇਗੀ। ਈਦ ਦੇ ਮੌਕੇ ’ਤੇ ਖੇਤਰ ਦੇ ਵਿਧਾਇਕ ਰਾਜੇਸ਼ ਜੈਨ ਨੇ ਵੀ ਲੋਕਾਂ ਨੂੰ ਈਦ ਮੁਬਾਰਕ ਦੀ ਵਧਾਈ ਦਿਤੀ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਦੇਸ਼ ਦੀ ਪ੍ਰਗਤੀ ਅਤੇ ਭਾਈਚਾਰੇ ਲਈ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ’ਤੇ ਹਲਕੇ ਦੇ ਸਾਬਕਾ ਕਾਰਪੋਰੇਟਰ ਤਰੁਣ ਕੁਮਾਰ, ਅਬਦੁੱਲ ਵਾਹਿਦ ਕੁਰੈਸ਼ੀ, ਪੰਜਾਬੀ ਪ੍ਰੋਮੋਸ਼ਨ ਕੌਂਸਲ ਦੇ ਪ੍ਰਧਾਨ ਸ: ਜਸਵੰਤ ਸਿੰਘ ਬਾਬੀ ਆਦਿ ਵੀ ਸ਼ਾਮਲ ਹੋਏ।