ਚੰਡੀਗੜ੍ਹ, 20 ਅਗੱਸਤ (ਭਜਨੀ) : ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿਚ ਪੁਲਿਸ ਨੇ ਸੋਮਵਾਰ ਨੂੰ ਚੰਡੀਗੜ੍ਹ ਦੇ ਸੈਕਟਰ-33 ਵਿਚ ਰਹਿਣ ਵਾਲੇ ਜਾਅਲੀ ਪੱਤਰਕਾਰ ਭੁਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿਚੋਂ ਕਈ ਇਤਰਾਜ਼ਯੋਗ ਚੀਜ਼ਾਂ ਬਰਾਮਦ ਕੀਤੀਆਂ ਹਨ। ਪੰਜਾਬ ਦੇ ਰਹਿਣ ਵਾਲੇ ਜਸਵੰਤ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦਸਿਆ ਕਿ ਉਨ੍ਹਾਂ ਨੇ ਸਾਲ 2010 ਵਿਚ ਭੁਪਿੰਦਰ ਸਿੰਘ ਨੂੰ 10 ਲੱਖ 20 ਹਜ਼ਾਰ ਰੁਪਏ ਕੈਨੇਡਾ ਜਾਣ ਲਈ ਦਿਤੇ ਸਨ ਪਰ ਭੁਪਿੰਦਰ ਸਿੰਘ ਨੇ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਨੂੰ ਉਕਤ ਰਕਮ ਵਾਪਸ ਕੀਤੀ। ਪੁਲਿਸ ਸਾਹਮਣੇ ਭੁਪਿੰਦਰ ਸਿੰਘ ਨੇ ਅਪਣੀ ਪਛਾਣ ਇਕ ਇਲੈਕਟ੍ਰੋਨਿਕ ਚੈਨਲ-2 ਦੇ ਬਿਊਰੋ ਚੀਫ਼ ਵਜੋਂ ਕਰਵਾਈ ਪਰ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਭੁਪਿੰਦਰ ਸਿੰਘ ਜਾਅਲੀ ਪਛਾਣ ਪੱਤਰ ਰਾਹੀਂ ਲੋਕਾਂ ਨੂੰ ਗੁਮਰਾਹ ਕਰ ਕੇ ਠੱਗ ਰਿਹਾ ਸੀ।
ਪੁਲਿਸ ਨੂੰ ਉਸ ਦੇ ਕਬਜ਼ੇ ਵਿਚੋਂ ਉਸ ਦਾ ਪੱਤਰਕਾਰੀ ਦਾ ਪਛਾਣ ਪੱਤਰ ਅਤੇ ਮੀਡੀਆ ਨਾਲ ਸਬੰਧਤ ਕਈ ਦਸਤਾਵੇਜ ਬਰਾਮਦ ਹੋਏ। ਇਸ ਤੋਂ ਇਲਾਵਾ ਭੁਪਿੰਦਰ ਸਿੰਘ ਨੇ ਹਰਿਆਣਾ ਦੇ ਹਰਕੇਸ਼ ਸਿੰਘ ਨੂੰ ਵੀ ਵਿਦੇਸ਼ ਭੇਜਣ ਦੇ ਮਾਮਲੇ ਵਿਚ ਵੀ ਠਗਿਆ। ਹਰਕੇਸ਼ ਸਿੰਘ ਅਤੇ ਇੰਦਰਜੀਤ ਸਿੰਘ ਨੇ ਇਸ ਦੀ ਸ਼ਿਕਾਇਤ ਡਾਇਰੈਕਟਰ ਪਬਲਿਕ ਰਿਲੇਸ਼ਨ ਚੰਡੀਗੜ੍ਹ ਨੂੰ ਕੀਤੀ। ਪੜ੍ਹਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਭੁਪਿੰਦਰ ਸਿੰਘ ਲੋਕਾਂ ਨੂੰ ਮੀਡੀਆ ਵਿਚ ਕੰਮ ਦਿਵਾਉਣ ਦੇ ਨਾਂ ’ਤੇ ਠੱਗੀ ਮਾਰਦਾ ਸੀ। ਚੰਡੀਗੜ੍ਹ ਪੁਲਿਸ ਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਹ ਜਾਅਲੀ ਪੱਤਰਕਾਰਾਂ ਬਾਰੇ ਪੁਲਿਸ ਨੂੰ ਸੂਹ ਦੇ ਕੇ ਸਹਾਇਤਾ ਕਰਨ।