ਰਾਸ਼ਟਰੀ ਖਬਰਾਂ
 

ਜਬਰੀ ਧਰਮ ਤਬਦੀਲੀ ਵਿਰੁਧ ਜ਼ਰਦਾਰੀ ਗੰਭੀਰ


ਇਸਲਾਮਾਬਾਦ, 18 ਅਗੱਸਤ : ਪਾਕਿਸਤਾਨੀ ਹਿੰਦੂਆਂ ਵਲੋਂ ਹਿਜਰਤ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਗੰਭੀਰ ਹਨ ਅਤੇ ਹਿੰਦੂ ਲੜਕੀਆਂ ਨੂੰ ਜਬਰੀ ਤੌਰ ’ਤੇ ਇਸਲਾਮ ਧਰਮ ਕਬੂਲ ਕਰਨ ਦੇ ਮੁੱਦੇ ’ਤੇ ਉਨ੍ਹਾਂ ਨੇ ਸੰਵਿਧਾਨ ਵਿਚ ਸੋਧ ਲਈ ਕਾਨੂੰਨ ਦਾ ਖਰੜਾ ਤਿਆਰ ਕਰਨ ਦੀ ਹਦਾਇਤ ਦਿਤੀ ਹੈ ਤਾਕਿ ਸਿੰਧ ਸੂਬੇ ਵਿਚ ਰਹਿੰਦੇ ਘੱਟ ਗਿਣਤੀ ਹਿੰਦੂਆਂ ਦੀ ਜਬਰੀ ਧਰਮ ਤਬਦੀਲੀ ਨੂੰ ਰੋਕਿਆ ਜਾ ਸਕੇ। ਰਾਸ਼ਟਰਪਤੀ ਨੇ ਇਹ ਫ਼ੈਸਲਾ ਅਪਣੀ ਭੈਣ ਅਤੇ ਸੰਸਦ ਮੈਂਬਰ ਫ਼ਰਿਆਲ ਤਾਲਪੁਰ ਅਤੇ ਸਿੰਧ ਦੇ ਮੁੱਖ ਮੰਤਰੀ ਕਯਾਮ ਅਲੀ ਸ਼ਾਹ ਵਲੋਂ ਹਿੰਦੂਆਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਕੀਤਾ ਹੈ। ਇਸ ਸਬੰਧੀ ਇਕ ਕਮੇਟੀ ਦਾ ਗਠਨ ਕਰਨ ਦੀ ਹਦਾਇਤ ਦਿਤੀ ਗਈ ਹੈ ਜਿਸ ਵਿਚ ਹਿੰਦੂ ਪ੍ਰਤੀਨਿਧੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਜ਼ਰਦਾਰੀ ਨੇ ਤਾਲਪੁਰ ਅਤੇ ਸ਼ਾਹ ਨੂੰ ਕਾਨੂੰਨ ਦਾ ਖਰੜਾ ਤਿਆਰ ਕਰਨ ਤੋਂ ਪਹਿਲਾਂ ਜੈਕਬਾਬਾਦ ਦਾ ਦੌਰਾ ਕਰ ਕੇ ਹਿੰਦੂ ਪ੍ਰਤੀਨਿਧੀਆਂ ਨੂੰ ਮਿਲਣ ਲਈ ਕਿਹਾ ਹੈ। ਜ਼ਰਦਾਰੀ ਨੇ ਹਿੰਦੂਆਂ ਦੀ ਹਿਜਰਤ ਸਬੰਧੀ ਖ਼ਬਰਾਂ ਮਿਲਣ ਤੋਂ ਬਾਅਦ ਸੰਸਦੀ ਮੰਤਰੀ ਮੌਲਾ ਬਖ਼ਸ਼ ਦੀ ਅਗਵਾਈ ਵਿਚ ਤਿੰਨ ਸੰਸਦ ਮੈਂਬਰਾਂ ਦੀ ਇਕ ਕਮੇਟੀ ਬਣਾਈ ਹੈ ਜੋ ਸਿੰਧ ਵਿਚ ਹਿੰਦੂ ਲੋਕਾਂ ਨਾਲ ਮੁਲਾਕਾਤ ਕਰੇਗੀ।
ਪਾਕਿਸਤਾਨ ਦੇ ਰਾਸ਼ਟਰਪਤੀ ਨੇ ਕਰਾਚੀ ਵਿਚ ਇਕ ਮੀਟਿੰਗ ਤੋਂ ਬਾਅਦ ਸਿੰਧ ਦੇ ਮੁੱਖ ਮੰਤਰੀ ਕਯਾਮ ਅਲੀ ਸ਼ਾਹ ਨੂੰ ਖੇਤਰੀ ਕਾਨੂੰਨ ਮੰਤਰੀ ਅਯਾਜ਼ ਸੁਮਰੋ ਦੀ ਅਗਵਾਈ ਹੇਠ ਸੰਵਿਧਾਨ ਵਿਚ ਸੋਧ ਲਈ ਕਾਨੂੰਨੀ ਖਰੜਾ ਤਿਆਰ ਕਰਨ ਦੀ ਹਦਾਇਤ ਦਿਤੀ। ਰਾਸ਼ਟਰਪਤੀ ਜ਼ਰਦਾਰੀ ਨੇ ਹਿੰਦੂਆਂ ਵਿਰੁਧ ਜ਼ੁਲਮ ਅਤੇ ਹਿਜਰਤ ਸਬੰਧੀ ਰੀਪੋਰਟਾਂ ਤੋਂ ਬਾਅਦ ਇਹ ਹਦਾਇਤ ਦਿਤੀ ਹੈ।
ਸਿੰਧ ਦੇ ਮੁੱਖ ਮੰਤਰੀ ਨੇ ਕਿਹਾ ਕਿ ਘੱਟ ਗਿਣਤੀ ਹਿੰਦੂਆਂ ਦੇ ਭਾਰਤ ਵਲ ਹਿਜਰਤ ਕਰਨ ਸਬੰਧੀ ਰੀਪੋਰਟਾਂ ਅਤੇ ਉਨ੍ਹਾਂ ’ਤੇ ਜ਼ੁਲਮ ਸਬੰਧੀ ਮਾਮਲਿਆਂ ਦਾ ਪ੍ਰਗਟਾਵਾ ਮੀਡੀਆ ਵਿਚ ਹੋਣ ਤੋਂ ਬਾਅਦ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ। ਸਿੰਧ ਤੋਂ ਕੈਬਨਿਟ ਮੈਂਬਰ ਨੇ ਦਸਿਆ ਕਿ ਜੇ ਕਿਸੇ ਲੜਕੀ ਨੂੰ ਅਗ਼ਵਾ ਕਰ ਕੇ ਜਬਰੀ ਤੌਰ ’ਤੇ ਉਸ ਦਾ ਧਰਮ ਤਬਦੀਲ ਕੀਤਾ ਜਾਂਦਾ ਹੈ ਤਾਂ ਸਬੰਧਤ ਦੋਸ਼ੀਆਂ ਵਿਰੁਧ ਪੁਲਿਸ ਸਟੇਸ਼ਨ ਦੇ ਮੁਖੀ ਵਲੋਂ ਕੇਸ ਦਰਜ ਕਰਨਾ ਜ਼ਰੂਰੀ ਹੋਵੇਗਾ। (ਪੀ.ਟੀ.ਆਈ.)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.