ਨਵੀਂ ਦਿੱਲੀ, 18 ਅਗੱਸਤ : ਏਅਰ ਹੋਸਟੈਸ ਗੀਤਿਕਾ ਸ਼ਰਮਾ ਖ਼ੁਦਕੁਸ਼ੀ ਮਾਮਲੇ ’ਚ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਗੋਪਾਲ ਗੋਇਲ ਕਾਂਡਾ ਨੇ ਅੱਜ ਸਵੇਰੇ 4 ਵਜੇ ਨਾਟਕੀ ਤਰੀਕੇ ਨਾਲ ਦਿੱਲੀ ਦੇ ਅਸ਼ੋਕ ਵਿਹਾਰ ਪੁਲਿਸ ਸਟੇਸ਼ਨ ਵਿਚ ਆਤਮ ਸਮਰਪਣ ਕੀਤਾ। ਥਾਣੇ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਗੋਪਾਲ ਕਾਂਡਾ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਜਾਂਚ ਲਈ ਪੁਲਿਸ ਨੂੰ ਮਦਦ ਕਰਨ ਲਈ ਆਇਆ ਹੈ। ਉਹ ਥਾਣੇ ਵਿਖੇ ਜਿਵੇਂ ਹੀ ਵਾਹਨ ਰਾਹੀਂ ਪੁਜਿਆ, ਪੁਲਿਸ ਨੇ ਉਸ ਨੂੰ ਦੇਖਦਿਆਂ ਹੀ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਰੋਹਿਣੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਅਦਾਲਤ ਨੇ ਉਸ ਨੂੰ ਸੱਤ ਦਿਨ ਦੇ ਪੁਲਿਸ ਰਿਮਾਂਡ ਹੇਠ ਭੇਜ ਦਿਤਾ।
ਇਸ ਤੋਂ ਪਹਿਲਾਂ ਪੁਲਿਸ ਨੇ ਗੋਪਾਲ ਕਾਂਡਾ ਦੇ ਭਰਾ ਗੋਬਿੰਦ ਕਾਂਡਾ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਕਈ ਘੰਟਿਆਂ ਤਕ ਏਅਰ ਹੋਸਟੈਸ ਕਤਲ ਕੇਸ ਦੇ ਮੁੱਖ ਦੋਸ਼ੀ ਵਲੋਂ ਆਤਮ ਸਮਰਪਣ ਦਾ ਨਾਟਕ ਚਲਦਾ ਰਿਹਾ। ਗੋਬਿੰਦ ਕਾਂਡਾ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਭਰਾ ਦੇਸ਼ ਤੋਂ ਬਾਹਰ ਨਹੀਂ ਭੱਜਿਆ ਹੈ। ਜਦ ਹਾਈ ਕੋਰਟ ਨੇ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿਤੀ ਤਾਂ ਉਸ ਨੂੰ ਫ਼ੋਨ ’ਤੇ ਇਸ ਦੀ ਸੂਚਨਾ ਦੇ ਦਿਤੀ ਗਈ। ਗੋਬਿੰਦ ਅਨੁਸਾਰ ਉਸ ਦੇ ਭਰਾ ਗੋਪਾਲ ਕਾਂਡਾ ਦਾ ਗੀਤਿਕਾ ਦੀ ਆਤਮ ਹਤਿਆ ਦੇ ਮਾਮਲੇ ਵਿਚ ਕੋਈ ਹੱਥ ਨਹੀਂ ਹੈ। ਦੂਜੇ ਪਾਸੇ ਗੀਤਿਕਾ ਦੇ ਭਰਾ ਅੰਕਿਤ ਨੇ ਦਾਅਵਾ ਕੀਤਾ ਕਿ ਗੋਪਾਲ ਕਾਂਡਾ ਦਾ ਆਤਮ ਸਮਰਪਣ ਪਹਿਲਾਂ ਤੋਂ ਤਿਆਰ ਡਰਾਮਾ ਹੈ ਅਤੇ ਸਰਕਾਰ ਉਸ ਦੀ ਮਦਦ ਕਰ ਰਹੀ ਸੀ। ਇਸ ਤੋਂ ਪਹਿਲਾਂ ਥਾਣੇ ਵਿਚ ਉਸ ਦਾ ਵਕੀਲ ਪੁੱਜਾ ਅਤੇ ਉਸ ਨੇ ਦਾਅਵਾ ਕੀਤਾ ਕਿ ਗੋਪਾਲ ਕਾਂਡਾ 10 ਮਿੰਟ ਬਾਅਦ ਆਤਮ ਸਮਰਪਣ ਕਰਨ ਲਈ ਪਹੁੰਚ ਜਾਵੇਗਾ। ਇਸੇ ਕੇਸ ਨਾਲ ਸਬੰਧਤ ਕਾਂਡਾ ਦੀ ਕਰਮਚਾਰੀ ਅਰੁਣਾ ਚੱਢਾ ਇਸ ਸਮੇਂ ਨਿਆਂਇਕ ਹਿਰਾਸਤ ਵਿਚ ਹੈ। ਦੂਜੇ ਪਾਸੇ ਗੀਤਿਕਾ ਸ਼ਰਮਾ ਦੀ ਡਾਕਟਰੀ ਰੀਪੋਰਟ ਨਾਲ ਸਬੰਧਤ ਪ੍ਰਗਟਾਵਿਆਂ ਤੋਂ ਬਾਅਦ ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਗੋਪਾਲ ਕਾਂਡਾ ਐਨੇ ਦਿਨ ਫ਼ਰਾਰ ਹੋ ਕੇ ਕਿਥੇ ਰਹਿੰਦਾ ਰਿਹਾ ਸੀ। ਇਸ ਸਬੰਧੀ ਉਸ ਨੂੰ ਪਨਾਹ ਦੇਣ ਵਾਲਿਆਂ ਵਿਰੁਧ ਵੀ ਪੁਲਿਸ ਅਧਿਕਾਰੀਆਂ ਅਨੁਸਾਰ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। (ਪੀ.ਟੀ.ਆਈ.)