ਲਖਨਊ, 18 ਅਗੱਸਤ : ਕੇਂਦਰੀ ਕੋਲਾ ਮੰਤਰੀ ਜੈਪ੍ਰਕਾਸ਼ ਜੈਸਵਾਲ ਨੇ ਕਿਹਾ ਹੈ ਕਿ ਲੋਕਾਂ ਦੇ ਹਿਤ ਸਰਕਾਰ ਲਈ ਪਹਿਲਾਂ ਹਨ ਅਤੇ ਕੈਗ ਦੀ ਰੀਪੋਰਟ ਦਾ ਕੋਈ ਅਰਥ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਰੀਪੋਰਟ ਨਾਲ ਸਹਿਮਤ ਨਹੀਂ ਅਤੇ ਨਾ ਹੀ ਕਿਸੇ ਘਪਲੇ ਦੀ ਇਸ ਮਾਮਲੇ ’ਚ ਕੋਈ ਸੰਭਾਵਨਾ ਹੈ। ਮੰਤਰੀ ਨੇ ਕਿਹਾ ਕਿ ਕੈਗ ਸਿਰਫ਼ ਆਡਿਟ ਕਰਨ ਵਾਲੀ ਸੰਸਥਾ ਹੈ, ਇਸ ਲਈ ਇਸ ਦੀ ਰੀਪੋਰਟ ਨੂੰ ਗੁਣ ਅਤੇ ਦੋਸ਼ਾਂ ਦੇ ਆਧਾਰ ’ਤੇ ਵੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਗ ਦੀ ਰੀਪੋਰਟ ਅਨੁਸਾਰ ਜੇ ਕੋਲਾ ਖਦਾਨਾਂ ਦੀ ਵੰਡ ਵਿਚ ਕੋਈ ਘਪਲਾ ਹੁੰਦਾ ਤਾਂ ਪਟਰੌਲੀਅਮ ਪਦਾਰਥਾਂ ਦੀ ਤਰ੍ਹਾਂ ਕੋਲੇ ਦੀਆਂ ਕੀਮਤਾਂ ਵਿਚ ਵੀ ਵਾਧਾ ਹੁੰਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਦੀ ਕੋਲਾ ਨੀਤੀ ਤੋਂ ਵਧੀਆ ਕੋਈ ਤਰੀਕਾ ਨਹੀਂ ਹੋ ਸਕਦਾ ਸੀ।
ਉਨ੍ਹਾਂ ਕਿਹਾ ਕਿ
ਕੈਗ ਵਲੋਂ ਨੁਕਸਾਨ ਦੀ ਗਿਣਤੀ ਦਾ ਤਰੀਕਾ ਠੀਕ ਨਹੀਂ ਹੈ ਕਿਉਂਕਿ ਸਰਕਾਰ ਦਾ ਪਹਿਲਾ ਕੰਮ ਲੋਕਾਂ ਦੇ ਹਿਤ ਵੇਖਣਾ ਹੈ ਨਾਕਿ ਕੈਗ ਦੀ ਰੀਪੋਰਟ ਨੂੰ ਮਹੱਤਵ ਦੇਣ ਦੀ ਜ਼ਰੂਰਤ ਹੈ।
ਭਾਜਪਾ ਵਲੋਂ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਬਾਰੇ ਮੰਤਰੀ ਨੇ ਕਿਹਾ ਕਿ ਅਰੁਣ ਜੇਤਲੀ ਨੂੰ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਤੋਂ ਅਸਤੀਫ਼ਾ ਲੈਣਾ ਚਾਹੀਦਾ ਹੈ ਜਿਥੇ ਕੈਗ ਦੀ ਰੀਪੋਰਟ ਵਿਚ 30 ਹਜ਼ਾਰ ਕਰੋੜ ਰੁਪਏ ਦੀਆਂ ਬੇਨਿਯਮੀਆਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੋਂ ਵੀ ਪਹਿਲਾਂ ਅਸਤੀਫ਼ਾ ਲਿਆ ਜਾਵੇ ਜਿਥੇ 18 ਹਜ਼ਾਰ ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਉ¤ਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ’ਤੇ ਟਿਪਣੀ ਕਰਦਿਆਂ ਜੈਸਵਾਲ ਨੇ ਕਿਹਾ ਕਿ ਰਾਜ ਸਰਕਾਰ ਨੇ ਜੇ ਸਖਤ ਕਦਮ ਨਾ ਚੁੱਕੇ ਤਾਂ ਮੁਸ਼ਕਲਾਂ ਵਧਣਗੀਆਂ। ਕਾਂਗਰਸ ਦੀ ਖਾਮੋਸ਼ੀ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਕੋਈ ਬਹਾਨਾ ਨਹੀਂ ਚੱਲੇਗਾ ਅਤੇ ਰਾਜ ਸਰਕਾਰ ਨੂੰ ਇਸ ਲਈ ਛੇ ਮਹੀਨੇ ਦਾ ਮੌਕਾ ਦਿਤਾ ਜਾ ਚੁੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 2014 ਦੀਆਂ ਆਮ ਚੋਣਾਂ ਵਿਚ ਕਾਂਗਰਸ ਦਾ ਵਧੀਆ ਪ੍ਰਦਰਸ਼ਨ ਰਹੇਗਾ। (ਏਜੰਸੀ)