ਨਵੀਂ ਦਿੱਲੀ, 18 ਅਗੱਸਤ : ਵਿੱਤ ਮੰਤਰੀ ਪੀ. ਚਿਦੰਬਰਮ ਨੇ ਬੈਂਕਾਂ ਨੂੰ ਕਰਜ਼ਿਆਂ ਦੀਆਂ ਦਰਾਂ ਘਟਾਉਣ ਅਤੇ ਕਰਜ਼ਿਆਂ ਦੀਆਂ ਮਹੀਨਾਵਾਰ ਕਿਸ਼ਤਾਂ ਨੂੰ ਠੀਕ ਰੱਖਣ ਲਈ ਕਿਹਾ ਹੈ ਤਾਕਿ ਖਪਤਕਾਰਾਂ ਨਾਲ ਸਬੰਧਤ ਸਾਮਾਨ ਦੀ ਟਿਕਾਊ ਮੰਗ ਵਧੇ ਅਤੇ ਸਨਅਤਾਂ ਦੇ ਉਤਪਾਦਨ ਵਿਚ ਤੇਜ਼ੀ ਆਵੇ। ਚਿਦੰਬਰਮ ਨੇ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਇਕ ਬੈਠਕ ਵਿਚ ਸੋਕਾ ਪੀੜਤ ਰਾਜਾਂ ਲਈ ਖੇਤੀ ਕਰਜ਼ਿਆਂ ਦੇ ਮੁੜ ਗਠਨ ਅਤੇ ਸਿਖਿਆ ਲਈ ਬੈਂਕ ਕਰਜ਼ੇ ਪ੍ਰਵਾਨ ਕਰਨ ਦੀ ਪ੍ਰਣਾਲੀ ਸੌਖੀ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਸਰਕਾਰੀ ਬੈਂਕਾਂ ਨੂੰ ਦੋ ਸਾਲ ਵਿਚ ਏ.ਟੀ.ਐਮਜ਼ ਦੀ ਗਿਣਤੀ 63 ਹਜ਼ਾਰ ਤੋਂ ਵਧਾ ਕੇ ਦੁਗਣੀ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬੈਂਕਾਂ ਨੂੰ ਏ.ਟੀ.ਐਮ. ਤੋਂ ਨਕਦੀ ਕਢਵਾਉਣ ਦੇ ਨਾਲ-ਨਾਲ ਨਕਦ ਰਕਮ ਜਮ੍ਹਾਂ ਕਰਵਾਉਣ ਵਾਲੀ ਮਸ਼ੀਨ ਦਾ ਰੂਪ ਦੇਣ ਦਾ ਸੱਦਾ ਦਿਤਾ। ਵਿੱਤ ਮੰਤਰੀ ਨੇ ਕਿਹਾ ਕਿ ਜੇ ਅਸੀਂ ਨਿਵੇਸ਼ ਬਹਾਲ ਕਰਦੇ ਹਾਂ ਤਾਂ ਸਾਡੀਆਂ ਵਧੇਰੇ ਦਿੱਕਤਾਂ ਖ਼ਤਮ ਹੋ ਜਾਣਗੀਆਂ। ਚਿਦੰਬਰਮ ਨੇ ਕਿਹਾ ਕਿ ਹਰ ਖੇਤਰ ਵਿਚ ਛੋਟੇ, ਦਰਮਿਆਨੇ ਅਤੇ ਵੱਡੀਆਂ ਸਨਅਤਾਂ ’ਚ ਨਿਵੇਸ਼ ਲਈ ਸੁਧਾਰ ਲਿਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਬੈਂਕਾਂ ਦੇ ਚੇਅਰਮੈਨ ਖੁਲ੍ਹਾ ਦਿਲ ਰੱਖਣ ਅਤੇ ਉਨ੍ਹਾਂ ਮੁੱਦਿਆਂ ਦੀ ਪਛਾਣ ਕਰਨ ਜੋ ਨਿਵੇਸ਼ ਦੇ ਰਸਤੇ ਵਿਚ ਰੋੜਾ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਤੇਲ ਸਮਝੌਤਿਆਂ, ਪ੍ਰਾਜੈਕਟਾਂ ’ਚ ਦੇਰੀ, ਜ਼ਮੀਨ ਹਾਸਲ ਕਰਨ ਅਤੇ ਭਾਰਤੀ ਰਾਸ਼ਟਰੀ ਰਾਜ ਮਾਰਗ ਵਿਕਾਸ ਸੰਸਥਾਵਾਂ ਅਤੇ ਰਾਜਾਂ ਦੇ ਬਿਜਲੀ ਬੋਰਡ ਵਰਗੀਆਂ ਸਰਕਾਰੀ ਏਜੰਸੀਆਂ ਵਲੋਂ ਸਮੇਂ ’ਤੇ ਭੁਗਤਾਨ ਨਹੀਂ ਕੀਤਾ ਜਾਣਾ ਇਨ੍ਹਾਂ ਵਿਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਸਬੰਧਤ ਮੰਤਰਾਲਿਆਂ ਸਾਹਮਣੇ ਰੱਖਣਗੇ। ਚਿਦੰਬਰਮ ਨੇ ਕਿਹਾ ਕਿ ਬੈਂਕਾਂ ਨੂੰ ਉਨ੍ਹਾਂ ਖੇਤਰਾਂ ’ਤੇ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਨੂੰ ਕਰਜ਼ੇ ਦੀ ਵਧੇਰੇ ਜ਼ਰੂਰਤ ਹੈ। ਉਨ੍ਹਾਂ ਨੇ ਈ.ਐਮ.ਆਈ. (ਬਰਾਬਰ ਮਹੀਨਾਵਾਰ ਕਿਸ਼ਤ) ਨੂੰ ਵਾਜਬ ਪੱਧਰ ’ਤੇ ਰੱਖਣ ਲਈ ਜ਼ੋਰ ਦਿੰਦਿਆਂ ਕਿਹਾ ਕਿ ਮੱਧ ਵਰਗ ਟਿਕਾਊ ਖਪਤਕਾਰ ਸਾਮਾਨ ਦੀ ਖ਼ਰੀਦ ਨੂੰ ਟਾਲ ਰਿਹਾ ਹੈ ਜੋ ਸਨਅਤੀ ਖੇਤਰ ਲਈ ਚੰਗਾ ਨਹੀਂ ਹੈ। (ਪੀ.ਟੀ.ਆਈ.)