ਨਵੀਂ ਦਿੱਲੀ, 17 ਅਗੱਸਤ: ਭਾਰਤੀ ਉਲੰਪਿਕ ਸੰਘ (ਆਈ.ਉ.ਏ) ਨੇ ਹਾਕੀ ਵਿਚ ਗੁਟਬਾਜ਼ੀ ਦੇ ਇਸ ਖੇਡ ਉ¤ਤੇ ਪੈ ਰਹੇ ਮਾੜੇ ਅਸਰ ਨੂੰ ਵੇਖਦੇ ਹੋਏ ਦੋਹਾਂ ਗੁਟਾਂ ਵਿਚ ਸੁਲਾਹ ਕਰਾਉਣ ਲਈ ਜੀ.ਐਸ. ਮੰਡੇਰ ਦੀ ਪ੍ਰਧਾਨਗੀ ਵਿਚ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਆਈ.ਉ.ਏ. ਦੇ ਕਾਰਜਕਾਰੀ ਪ੍ਰਧਾਨ ਵਿਜੈ ਕੁਮਾਰ ਮਲਹੋਤਰਾ ਨੇ ਅੱਜ ਇਹ ਜਾਣਕਾਰੀ ਦਿਤੀ । ਉਨ੍ਹਾਂ ਕਿਹਾ ਕਿ ਅਸੀ ਫਿਰ ਤੋਂ ਦੋਹਾਂ ਗੁਟਾਂ ਨੂੰ ਇਕੱਠੇ ਕਰਨ ਲਈ ਪਹਿਲ ਕੀਤੀ ਹੈ । ਇਸ ਲਈ ਜੀ.ਐਸ. ਮੰਡੇਰ ਦੀ ਪ੍ਰਧਾਨਗੀ ਵਿਚ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ। ਕਮੇਟੀ ਨੇ ਦੋਹਾਂ ਗੁਟਾਂ ਨੂੰ ਪੱਤਰ ਲਿਖੇ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਚੱਲ ਰਹੀ ਹੈ। ਭਾਰਤੀ ਹਾਕੀ ਟੀਮ ਲੰਦਨ ਉਲੰਪਿਕ ਖੇਡਾਂ ਵਿਚ 12 ਟੀਮਾਂ ਵਿਚੋਂ ਸੱਭ ਤੋਂ ਆਖ਼ਰੀ ਸਥਾਨ ’ਤੇ ਰਹੀ ਸੀ। ਉਸ ਨੇ ਟੂਰਨਾਮੈਂਟ ਵਿਚ ਅਪਣੇ ਸਾਰੇ ਮੈਚ ਗਵਾਏ। ਟੀਮ ਦੇ ਇਸ ਮਾੜੇ ਪ੍ਰਦਰਸ਼ਨ ਦਾ ਕਾਰਨ ਦੇਸ਼ ਵਿਚ ਹਾਕੀ ਦੇ ਦੋ ਧੜਿਆਂ ਵਿਚ ਵੰਡਿਆ ਹੋਣਾ ਹੈ । ਮਲਹੋਤਰਾ ਨੇ ਲੰਦਨ ਉਲੰਪਿਕ ਦੇ ਤਮਗ਼ਾ ਜੇਤੂਆਂ ਲਈ ਸੈਮਸੰਗ ਵਲੋਂ ਕਰਵਾਏ ਇਨਾਮ ਵੰਡ ਸਮਾਰੋਹ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਐਫ਼.ਆਈ.ਐਚ ਵਲੋਂ ਵੀ ਦੋਹਾਂ ਗੁਟਾਂ ( ਹਾਕੀ ਇੰਡੀਆ ਅਤੇ ਭਾਰਤੀ ਹਾਕੀ ਸੰਘ) ਨੂੰ ਇਕੱਠੇ ਕਰਨ ਦੇ ਨਿਰਦੇਸ਼ ਮਿਲੇ ਹਨ। ਹਾਕੀ ਸਾਡੀ ਰਾਸ਼ਟਰੀ ਖੇਡ ਹੈ ਅਤੇ ਉਮੀਦ ਹੈ ਕਿ ਅਸੀ ਹੌਲੀ-ਹੌਲੀ ਫਿਰ ਤੋਂ ਇਸ ਖੇਡ ਵਿਚ ਵਧੀਆ ਪ੍ਰਦਰਸ਼ਨ ਕਰਨ ਵਿਚ ਸਫ਼ਲ ਰਹਾਂਗੇ। (ਏਜੰਸੀ)