ਕੁਵੈਤ, 17 ਅਗੱਸਤ (ਅਰਜਨ ਸਿੰਘ ਖੈਹਰਾ): ਖਾੜੀ ਦੇ ਦੇਸ਼ ਕੁਵੈਤ ਵਿਚ 15 ਅਗੱਸਤ ਸਵੇਰੇ 7 ਵਜੇ ਭਾਰਤ ਦਾ 66ਵਾਂ ਆਜ਼ਾਦੀ ਦਿਵਸ ਧੁੂਮ ਧਾਮ ਨਾਲ ਮਨਾਇਆ ਗਿਆ। ਸਫ਼ੀਰ ਸਤੀਸ਼ ਚੰਦ ਮਹਿਤਾ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਤਿੰਨ ਰੰਗੇ ਗੁਬਾਰੇ ਅਕਾਸ਼ ਵਿਚ ਛੱਡੇ। ਨਾਲ ਹੀ ਇੰਡੀਅਨ ਡਾਕਟਰ ਫ਼ੋਰਮ ਕੁਵੈਤ ਦੇ ਡਾਕਟਰਾਂ ਅਤੇ ਉਨ੍ਹਾਂ ਦੇ ਬੱਚਿਆਂ ਅਤੇ ਸਫ਼ਾਰਤਖ਼ਾਨੇ ਦੇ ਕਰਮਚਾਰੀਆਂ ਵਲੋਂ ਸਮੂਹਕ ਤੌਰ ’ਤੇ ਕੌਮੀ ਗੀਤ ‘ਜਨ ਗਨ ਮਨ’ ਗਾਇਆ ਅਤੇ ਤਿਰੰਗੇ ਨੂੰ ਸਲਾਮੀ ਦਿਤੀ ਗਈ। ਰਾਜਦੂਤ ਮਹਿਤਾ ਨੇ ਭਾਰਤ ਦੇ ਰਾਸ਼ਟਰਪਤੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ, ਜਿਸ ਵਿਚ ਭਾਰਤ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਤੇ ਸੰਸਾਰ ਭਰ ਵਿਚ ਭਾਰਤ ਦੇ ਵਧਦੇ ਕਦਮਾਂ ਦਾ ਜ਼ਿਕਰ ਕੀਤਾ ਗਿਆ ਸੀ। ਸਮਾਗਮ ਦੌਰਾਨ ਆਜ਼ਾਦੀ ਦੇ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਗਿਆ ਨਾਲ ਹੀ ਉਨ੍ਹਾਂ ਖ਼ਤਰਿਆਂ, ਅਤਿਵਾਦ, ਮਹਿੰਗਾਈ ਅਤੇ ਕੁਦਰਤੀ ਆਫ਼ਤਾਂ ਦੇ ਨੁਕਸਾਨੇ ਭਾਰਤੀ ਲੋਕਾਂ ਦੀ ਚਿੰਤਾ ਦਾ ਵੀ ਇਜ਼ਹਾਰ ਕੀਤਾ। ਉਨ੍ਹਾਂ ਸਮੁੂਹ ਭਾਰਤੀਆਂ ਨੂੰ ਹਰ ਖੇਤਰ ਵਿਚ ਮਿਲ ਕੇ ਚੱਲਣ ਦੀ ਅਪੀਲ ਕੀਤੀ। ਕੁਵੈਤ ਵਿਚ ਇਸ ਸਮੇਂ ਪੁਰਜ਼ੋਰ ਗਰਮੀ ਹੋਣ ਦੇ ਬਾਵਜੂਦ ਸਫ਼ਾਰਤਖ਼ਾਨੇ ਦੇ ਖੁੱਲੇ ਮੈਦਾਨ ਵਿਚ ਭਾਰਤੀ ਨਾਗਰਿਕ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਅਤੇ ਆਜ਼ਾਦੀ ਸਮਾਰੋਹ ਦਾ ਅਨੰਦ ਮਾਣਦਿਆਂ ਭਾਰਤੀ ਸ²ਫ਼ੀਰ ਅਤੇ ਇਕ-ਦੂਜੇ ਨੂੰ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿਤੀਆਂ। ਇਸ ਸਮਾਗਮ ਵਿਚ ਭਾਰਤੀ ਏਕਤਾ ਨੂੰ ਦਰਸਾਉਦਾ ਅਤੇ ਭਾਰਤ ਹਰ ਪ੍ਰਦੇਸ਼ ਦੇ ਸਭਿਆਚਾਰ ਨੂੰ ਉਜਾਗਰ ਕਰਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਸ ਵਿਚ ਵਿਸ਼ੇਸ਼ ਤੌਰ ’ਤੇ ਭਾਰਤੀ ਸੱਭਿਆਚਾਰਕ ਸੁਸਾਇਟੀ ਦੇ ਨੁਮਾਇੰਦਿਆਂ ਨੇ ਸਾਰੇ ‘ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਆਦਿਕ ਕੌਮੀ ਤਰਾਨਾ ਗਾਉਣ ਵਾਲੇ ਗਰੁੱਪ ਦੀ ਅਗਵਾਈ ਕੀਤੀ। ਸਮਾਗਮ ਵਿਚ ਭਾਰਤੀ ਸਕੂਲਾਂ ਦੇ ਬੱਚਿਆਂ ਵਲੋਂ ਆਜ਼ਾਦੀ ਦੇ ਸ਼ਹੀਦਾਂ ਭਗਤ ਸਿੰਘ, ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਦਾ ਪ੍ਰਦਰਸ਼ਣ ਕੀਤਾ ਗਿਆ ਅਤੇ ਸਫ਼ਾਰਤਖ਼ਾਨੇ ਨੂੰ ਵੀ ਸੁੰਦਰ ਢੰਗ ਨਾਲ ਸਜਾਇਆ ਗਿਆ। ਵੱਖ ਵੱਖ ਕਿੱਤਿਆਂ ਨਾਲ ਸਬੰਧਤ ਤਕਰੀਬਨ 130 ਭਾਰਤੀ ਸੰਸਥਾਵਾਂ ਨੇ ਸਮਾਰੋਹ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਤੇ ਆਜ਼ਾਦੀ ਦੇ ਗੌਰਵ ਦਾ ਮਾਣ ਮਹਿਸੂਸ ਕੀਤਾ। ਮਹਿਤਾ ਨੇ ਕੁਵੈਤ ਰਹਿੰਦੇ ਭਾਰਤੀ ਨਾਗਰਿਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਪ੍ਰਤੀਬੱਧਤਾ ਵੀ ਦੁਹਰਾਈ। ਉਨ੍ਹਾਂ ਹਰ ਭਾਰਤੀ ਨੂੰ ਕੁਵੈਤੀ ਕਨੂੰਨ ਮੁਤਾਬਕ ਰਹਿਣ, ਸਹਿਣ ਤੇ ਕੰਮ ਕਰਨ ਦੀ ਅਪੀਲ ਕੀਤੀ। ਅਪਣੇ ਭਾਸ਼ਣ ਦੇ ਅੰਤ ਵਿਚ ਮਹਿਤਾ ਨੇ ਕੁਵੈਤ ਦੇ ਸ਼ੇਖ ‘ਸ਼ੇਖ ਸਭਾਅ ਅਲ ਅਹਿਮਦ ਅਲ ਜਾਬੇਰ ਅਲ ਸਭਾਅ’ ਅਤੇ ਕੁਵੈਤ ਸਰਕਾਰ ਦਾ ਕਾਬਲੇ ਗੌਰ ਜ਼ਿਕਰ ਕਰਦਿਆਂ ਸਹਿਯੋਗ ਅਤੇ ਭਾਰਤ ਨਾਲ ਮਜ਼ਬੂਤ ਵਪਾਰਕ ਸਬੰਧਾਂ ਤੇ ਮਿਤ੍ਰਤਾ ਭਰਪੂਰ ਰਿਸ਼ਤਿਆਂ ਦੀ ਵੀ ਜਾਣਕਾਰੀ ਦਿਤੀ। ਕੁਵੈਤੀ ਪਤਵੰਤਿਆਂ ਤੇ ਸਮੂਹ ਭਾਰਤੀਆਂ ਨੂੰ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿਤੀਆਂ।
-- ਤਸਵੀਰਾਂ ਵੀ ਹਨ----