ਚੰਡੀਗੜ੍ਹ, 17 ਅਗੱਸਤ (ਸ.ਸ.ਸ.) ਹਰਿਆਣਾ ਪੁਲਿਸ ਨੇ ਗੁੰਮਸ਼ੁਦਾ ਸਹਾਇਤਾ ਕੇਂਦਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਗੁੰਮ ਹੋਏ ਲੋਕਾਂ ਨੂੰ ਲੱਭਣ ਵਿਚ ਮਦਦ ਮਿਲ ਸਕੇ। ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਵਿਚ ਹਰ ਮਹੀਨੇ ਲਗਭਗ 300 ਵਿਅਕਤੀਆਂ ਦੇ ਗੁੰਮ ਹੋਣ ਦੀ ਸ਼ਿਕਾਇਤ ਮਿਲਦੀ ਹੈ ਅਤੇ ਇਸ ਤੋਂ ਇਲਾਵਾ ਲਗਭਗ 250 ਲਾਵਾਰਿਸ ਲਾਸ਼ਾਂ ਵੀ ਮਿਲਦੀਆਂ ਹਨ ।
ਇਨ੍ਹਾਂ ਵਿਚੋਂ ਲਗਭਗ 50 ਲਾਸ਼ਾਂ ਦੀ ਹੀ ਸਹੀ ਢੰਗ ਨਾਲ ਪਛਾਣ ਹੁੰਦੀ ਹੈ । ਉਨ੍ਹਾਂ ਨੇ ਕਿਹਾ ਕਿ ਇਕ ਸਹੀ ਢਾਂਚਾ ਨਾ ਹੋਣ ਦੇ ਕਾਰਨ ਗੁੰਮ ਹੋਏ ਵਿਅਕਤੀਆਂ ਅਤੇ ਲਵਾਰਿਸ ਲਾਸ਼ਾਂ ਦੀ ਪਛਾਣ ਨਹੀਂ ਹੋ ਰਹੀ । ਉਨ੍ਹਾਂ ਨੇ ਕਿਹਾ ਕਿ ਇਸ ਗੁੰਮਸ਼ੁਦਾ ਸਹਾਇਤਾ ਕੇਂਦਰ ਵਿਚ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਰੋਜ਼ਾਨਾਂ ਗੁੰਮ ਹੋਣ ਵਾਲੇ ਵਿਅਕਤੀਆਂ, ਲਾਵਾਰਿਸ ਹਾਲਤ ਵਿਚ ਮਿਲੇ ਬੱਚਿਆਂ, ਸੜਕ ਦੁਰਘਟਨਾਵਾਂ ਵਿਚ ਜ਼ਖਮੀ ਜਾਂ ਅਨਜਾਣ ਮ੍ਰਿਤਕ ਵਿਅਕਤੀਆਂ ਤੇ ਲਾਵਾਰਿਸ ਲਾਸ਼ਾਂ ਦੀ ਪੂਰੀ ਜਾਣਕਾਰੀ ਉਪਲੱਬਧ ਹੋਵੇਗੀ ।
ਇਹ ਕੇਂਦਰ ਆਧੁਨਿਕ ਸੰਚਾਰ ਤੰਤਰ ਨਾਲ ਲੈਸ ਹੋਵੇਗਾ, ਜੋ ਇੰਟਰਨੈਟ ਤੇ ਵਾਨ ਦੇ ਰਾਹੀਂ ਦੇਸ਼ ਦੇ ਹਰ ਪੁਲਿਸ ਮੁੱਖ ਦਫਤਰ ਨਾਲ ਜੁੜਿਆ ਹੋਵੇਗਾ । ਕੋਈ ਵੀ ਵਿਅਕਤੀ ਇਸ ਕੇਂਦਰ ਵਿਚ ਪੁੱਜ ਕੇ ਦੇਸ਼ ਭਰ ਤੋਂ ਪ੍ਰਾਪਤ ਫੋਟੋਆਂ ਅਤੇ ਦੂਜੀਆਂ ਜਾਣਕਾਰੀਆਂ ਦੇ ਰਾਹੀਂ ਆਪਣੇ ਗੁੰਮ ਹੋਏ ਸਕੇ-ਸਬੰਧੀਆਂ ਬਾਰੇ ਸੂਚਨਾ ਲੈ ਸਕੇਗਾ । ਅਜਿਹੇ ਕੇਂਦਰ ਹਜ਼ਾਰਾਂ ਪਰਿਵਾਰਾਂ ਨੂੰ ਜਾਣਕਾਰੀ ਦੇਣਗੇ, ਜਿਸ ਨਾਲ ਪੁਲਿਸ ਤੇ ਜਨਤਾ ਦੇ ਸਬੰਧਾਂ ਦੇ ਵਿਚਕਾਰ ਇਕ ਨਵਾਂ ਸਬੰਧ ਸਥਾਪਿਤ ਹੋਵੇਗਾ ।