ਨਵੀਂ ਦਿੱਲੀ, 17 ਅਗੱਸਤ (ਸੁਖਰਾਜ ਸਿੰਘ): ਉਤਰੀ ਦਿੱਲੀ ਦੀ ਸਰਗਰਮ ਸਮਾਜ ਸੇਵੀ ਸੰਸਥਾ ‘ਹਰਸਿਮਰ ਸੇਵਾ ਸਮਿਤੀ’ ਵਲੋਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ. ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ। ਸਮਾਗਮ ਵਿਚ ਤਿਮਾਰਪੁਰ ਖੇਤਰ ਦੇ ਵਿਧਾਇਕ ਸੁਰਿੰਦਰਪਾਲ ਸਿੰਘ ਬਿੱਟੂ ਨੇ ਮੁੱਖ ਮਹਿਮਾਨ ਵਜੋਂ ਜਦਕਿ ਲਵ ਕਮਾਂਡੋਜ਼ ਦੇ ਸੰਜੇ ਸਚਦੇਵਾ, ਵਿਸ਼ਵ ਮਨੁੱਖੀ ਅਧਿਕਾਰ ਸੁਰੱਖਿਆ ਸੰਘ ਦੇ ਸ਼ਮੀਮ ਏ. ਖਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ. ਦੇ ਆਗੂਆਂ ਸੁਖਬੀਰ ਸਿੰਘ ਕਾਲਰਾ, ਪੀ.ਐਸ. ਬਖਸ਼ੀ, ਭੁਪਿੰਦਰ ਸਿੰਘ ਪੀ.ਆਰ.ਓ., ਅਮਰਜੀਤ ਸਿੰਘ ਬਾਬੀ, ਜੀ.ਐਸ. ਗੋਰਖਪੁਰੀਆ, ਸਰਵਜੀਤ ਸਿੰਘ ਅਤੇ ਦਲਜੀਤ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸਮਿਤੀ ਦੇ ਅਹੁਦੇਦਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ. ਦੇ ਅਹੁਦੇਦਾਰਾਂ ਨੇ ਸੁਤੰਤਰਤਾ ਦਿਵਸ ਦੇ ਉਪਹਾਰ ਵਜੋਂ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਭੇਟ ਕੀਤੀਆਂ, ਤਾਂ ਜੋ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਕੇ ਦੇਸ਼ ਦੇ ਚੰਗੇ ਨਾਗਰਿਕ ਬਣ ਸਕਣ। ਇਸ ਮੌਕੇ ਸਾਧਨਾ ਟੀ.ਵੀ. ਦੇ ‘ਚਿੱਲਰ ਗੈਂਗ’ ਨੇ ਰੰਗਾਰਗ ਪ੍ਰੋਗਰਾਮ ਅਤੇ ਦੇਸ਼ਭਗਤੀ ਦੇ ਗੀਤਾਂ ਦੀ ਪੇਸ਼ਕਾਰੀ ਰਾਹੀਂ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰੋਗਰਾਮ ਦੇ ਆਯੋਜਨ ਵਿਚ ਹਰਸਿਮਰ ਸੇਵਾ ਸਮਿਤੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ. ਦੀ ਉਤਰ-ਪੱਛਮੀ ਜ਼ੋਨ ਦੇ ਮੀਤ ਪ੍ਰਧਾਨ ਐਸ.ਪੀ. ਸਿੰਘ, ਸਮਿਤੀ ਦੇ ਮੀਤ ਪ੍ਰਧਾਨ ਈਸ਼ਵਰ ਸਿੰਘ ਧਿਗਾਨ, ਜਨਰਲ ਸਕੱਤਰ ਰਮੇਸ਼ ਰਾਂਗੀ, ਸੁਬੋਧ ਲਾਲ ਯਾਦਵ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ. ਦੀ ਟੀਮ ਨੇ ਵਿਸ਼ੇਸ਼ ਯੋਗਦਾਨ ਦਿੱਤਾ।