ਨਾਭਾ, 17 ਅਗੱਸਤ (ਹਰਮੀਤ ਸਿੰਘ ਮਾਨ): ਪੰਜਾਬੀ ਯੂਨੀਵਰਸਟੀ ਪਟਿਆਲਾ ਹਰ ਦਿਨ ਨਵੇਂ ਤੋਂ ਨਵੇਂ ਕਾਂਡ ਕਾਰਨ ਸੁਰਖ਼ੀਆਂ ਵਿਚ ਬਣੀ ਰਹਿੰਦੀ ਹੈ। ਆਰ. ਟੀ. ਆਈ. ਤਹਿਤ ਮੰਗੀ ਗਈ ਜਾਣਕਾਰੀ ਤੋਂ ਯੂਨੀਵਰਸਿਟੀ ਦਾ ਅਜਿਹਾ ਹੀ ਇਕ ਨਵਾਂ ਕਾਂਡ ਸਾਹਮਣੇ ਆਇਆ ਹੈ ਜਿਸ ਵਿਚ ਅਸਿਸਟੈਂਟ ਪ੍ਰੋਫ਼ੈਸਰ ਦੀ ਅਸਾਮੀ ਲਈ ਯੋਗ ਉਮੀਦਵਾਰ ਨਾਲ ਬੇਇਨਸਾਫ਼ੀ ਕਰ ਕੇ, ਯੂ. ਜੀ. ਸੀ. ਦੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਘੱਟ ਨੰਬਰਾਂ ਵਾਲੇ ਉਮੀਦਵਾਰ ਦੇ, ਮਨਮਰਜ਼ੀ ਨਾਲ ਨੰਬਰ ਵਧਾ ਕੇ, ਉਸ ਦੀ ਨਿਯੁਕਤੀ ਕੀਤੀ ਗਈ। ਸਥਾਨਕ ਕਰਤਾਰ ਕਾਲੋਨੀ ਦੀ ਵਸਨੀਕ ਡਾ. ਨੀਤੂ ਰਾਣੀ ਨੇ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਦੇ ਦਸਤਾਵੇਜ਼ ਵਿਖਾਉਂਦਿਆਂ ਦਸਿਆ ਕਿ ਪੰਜਾਬੀ ਯੂਨੀਵਰਸਟੀ, ਪਟਿਆਲਾ ਵਿਚ ਬਤੌਰ ਹਿੰਦੀ ਦੇ ਅਸਿਸਟੈਂਟ ਪ੍ਰੋਫ਼ੈਸਰ ਦੀ ਨਿਯੁਕਤੀ ਲਈ ਇਸ਼ਤਿਹਾਰ ਨੰਬਰ 1468 ਡੀ. ਪੀ. ਆਰ. ਜਾਰੀ ਕੀਤਾ ਗਿਆ ਸੀ। ਇਸ ਅਸਾਮੀ ਲਈ ਇੰਟਰਵਿਊ 1 ਦਸੰਬਰ, 2011 ਨੂੰ ਹੋਈ ਸੀ।
ਇੰਟਰਵਿਊ ਵਿਚ ਜਿਸ ਤਰ੍ਹਾਂ ਨੰਬਰਾਂ ਦੀ ਵੰਡ ਕੀਤੀ ਗਈ ਹੈ, ਉਸ ਵਿਚ ਯੂ. ਜੀ. ਸੀ. ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਦਿਤਾ ਗਿਆ ਹੈ। ਨੰਬਰਾਂ ਦੀ ਵੰਡ ਗੋਲ-ਮੋਲ ਤਰੀਕੇ ਨਾਲ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਯੂਨੀਵਰਸਟੀ ਵਲੋਂ ਇਸ ਭਰਤੀ ਵਿਚ ਜਿਹੜੀ ਸੰਤੋਸ਼ ਕੁਮਾਰੀ ਦੀ ਨਿਯੁਕਤੀ ਕੀਤੀ ਗਈ ਹੈ, ਦਸਤਾਵੇਜ਼ਾਂ ਵਿਚ ਉਸ ਨੂੰ ਦਿਤੇ ਨੰਬਰਾਂ ਦਾ ਜੋੜ 63.57 ਬਣਦਾ ਹੈ। ਜਦਕਿ ਯੂਨੀਵਰਸਟੀ ਵਲੋਂ ਕੁੱਲ ਅੰਕ 64.57 ਵਿਖਾ ਕੇ ਉਸ ਦੀ ਨਿਯੁਕਤੀ ਕੀਤੀ ਹੈ ਪ੍ਰੰਤੂ ਮੇਰੇ 63.69 ਨੰਬਰ ਹੋਣ ਦੇ ਬਾਵਜੂਦ, ਮੇਰੇ ਨਾਲ ਸਰਾਸਰ ਬੇਇਨਸਾਫ਼ੀ ਕੀਤੀ ਗਈ ਹੈ। ਉੁਨ੍ਹਾਂ ਦਸਿਆ ਕਿ ਯੂਨੀਵਰਸਟੀ ਨੇ ਇਸ ਭਰਤੀ ਵਿਚ ਹੋਰ ਨਵੀਂ ਪੁਲਾਂਘ ਪੁਟਦਿਆਂ ਮੇਰੇ ਵਲੋਂ ਪਹਿਲਾਂ ਮੰਗੀ ਜਾਣਕਾਰੀ ਵਿਚ ਜਿਸ ਉਮੀਦਵਾਰ ਦੀ ਨਿਯੁਕਤੀ ਕੀਤੀ ਹੈ, ਉਸ ਨੂੰ ਪੀ. ਐਚ. ਡੀ. ਵਿਖਾਇਆ ਹੈ ਜਦਕਿ ਦੂਜੀ ਵਾਰ ਉਸੇ ਉਮੀਦਵਾਰ ਦੇ ਨਿਜੀ ਦਸਤਾਵੇਜ਼, ਸੂਚਨਾ ਅਧਿਕਾਰ ਕਾਨੂੰਨ ਤਹਿਤ ਲ੍ਯੈਣ ’ਤੇ ਸਾਹਮਣੇ ਆਇਆ ਕਿ ਉਸ ਨੇ ਪੀ. ਐਚ. ਡੀ. ਨਹੀਂ ਕੀਤੀ ਹੋਈ ਜਿਸ ਤੋਂ ਸਪੱਸ਼ਟ ਹੈ ਕਿ ਇਹ ਨਿਯੁਕਤੀ ਪੂਰੀ ਤਰ੍ਹਾਂ ਗ਼ਲਤ ਕੀਤੀ ਗਈ ਹੈ। ਉਨ੍ਹਾਂ ਯੂਨੀਵਰਸਟੀ ਵਲੋਂ ਇੰਟਰਵਿਊ ਵਿਚ ਦਿਤੇ ਨੰਬਰਾਂ ਦੇ ਵੇਰਵੇ ਦੇਂਦਿਆਂ ਦਸਿਆ ਕਿ ਜਿਸ ਉਮੀਦਵਾਰ ਦੀ ਨਿਯੁਕਤੀ ਹੋਈ ਹੈ, ਉਹ ਸਿਰਫ਼ ਐਮ. ਏ. ਅਤੇ ਯੂ. ਜੀ. ਸੀ. ਪਾਸ ਹੈ ਤੇ ਨਾ ਹੀ ਉਸ ਨੂੰ ਪੜ੍ਹਾਉਣ ਦਾ ਕੋਈ ਤਜਰਬਾ ਹੈ। ਜਦਕਿ ਉਸ ਦਾ ਅਪਣਾ 4 ਸਾਲ ਦਾ ਪੜ੍ਹਾਉਣ ਦਾ ਤਜਰਬਾ ਹੈ ਅਤੇ ਉਹ ਪੀ. ਐਚ. ਡੀ. ਹੈ। ਉੁਨ੍ਹਾਂ ਕਥਿਤ ਦੋਸ਼ ਲਾਇਆ ਕਿ ਯੂਨੀਵਰਸਟੀ ਨੇ ਉਸ ਦੇ ਪੜ੍ਹਾਉਣ ਦੇ ਤਜਰਬੇ ਅਤੇ ਪੀ. ਐਚ. ਡੀ. ਹੋਣ ਦਾ ਉਸ ਨੂੰ ਕੋਈ ਵੀ ਅੰਕ ਨਾ ਦੇ ਕੇ ਅਪਣੇ ਕਿਸੇ ਖ਼ਾਸਮਖ਼ਾਸ ਉਮੀਦਵਾਰ ਦੀ ਨਿਯੁਕਤੀ ਲਈ ਰਾਹ ਪਧਰਾ ਕੀਤਾ ਹੈ। ਉਸ ਨੇ ਦਸਿਆ ਕਿ ਡੁਮੈਨ ਨਾਲੇਜ ਐਂਡ ਟੀਚਿੰਗ ਸਕਿੱਲ ਦੇ ਉਸ ਨੂੰ 16 ਅੰਕ ਦਿਤੇ ਹਨ ਜਦਕਿ ਜਿਸ ਉਮੀਦਵਾਰ ਦੀ ਨਿਯੁਕਤੀ ਕੀਤੀ ਹੈ, ਉਸ ਨੂੰ ਪੜ੍ਹਾਉਣ ਦੇ ਤਜਰਬੇ ਤੋਂ ਬਿਨਾਂ 23 ਅੰਕ ਦੇ ਕੇ ਯੂਨੀਵਰਸਟੀ ਨੇ ਉਸ ਨਾਲ ਸਰਾਸਰ ਬੇਇਨਸਾਫ਼ੀ ਕੀਤੀ ਹੈ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਤੋਂ ਮੰਗ ਕੀਤੀ ਕਿ ਗ਼ਲਤ ਤਰੀਕੇ ਨਾਲ ਹੋਈ ਭਰਤੀ ਦੀ ਤੁਰਤ ਜਾਂਚ ਕਰ ਕੇ ਇਸ ਨੂੰ ਰੱਦ ਕੀਤਾ ਜਾਵੇ ਅਤੇ ਯੂ. ਜੀ. ਸੀ. ਦੀਆਂ ਸ਼ਰਤਾਂ ਅਨੁਸਾਰ ਭਰਤੀ ਕੀਤੀ ਜਾਵੇ। ਜਦੋਂ ਇਸ ਮਾਮਲੇ ਬਾਰੇ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਰਜਿਸਟਰਾਰ ਏ.ਐਸ. ਚਾਵਲਾ ਨਾਲ ਫ਼ੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਮਾਮਲੇ ’ਤੇ ਕੋਈ ਵੀ ਟਿਪਣੀ ਕਰਨ ਤੋਂ ਇਨਕਾਰ ਕੀਤਾ।