ਮੁੰਬਈ, 17 ਅਗੱਸਤ: ਅਗਲੇ ਮਹੀਨੇ ਸ੍ਰੀਲੰਕਾ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਅਤੇ ਇਸ ਵੀਰਵਾਰ ਤੋਂ ਨਿਊਜੀਲੈਂਡ ਵਿਰੁਧ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਦੀਆਂ ਤਿਆਰੀਆਂ ਬਾਰੇ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਕਹਿਣਾ ਹੈ ਕਿ ਟੀਮ ਸਰੀਰਕ ਅਤੇ ਮਾਨਸਿਕ ਰੂਪ ਵਿਚ ਪੂਰੀ ਤਰ੍ਹਾਂ ਤਿਆਰ ਹੈ । ਵੀਰਵਾਰ ਨੂੰ ਟੀਮ ਇੰਡੀਆ ਦੀ ਟੀ-20 ਫਾਰਮੇਟ ਦੀ ਨਵੀਂ ਵਰਦੀ ਲਾਂਚ ਕਰਨ ਮੌਕੇ ਧੋਨੀ ਨੇ ਕਿਹਾ ਕਿ ਆਈ.ਪੀ.ਐਲ. ਤੋਂ ਬਾਅਦ ਅਸੀ ਸ੍ਰੀਲੰਕਾ ਵਿਚ ਖੇਡੇ ਜਿਥੇ ਟੀਮ ਦਾ ਪ੍ਰਦਰਸ਼ਨ ਬਿਹਤਰ ਸੀ । ਸਾਡੇ ਖਿਡਾਰੀ ਫ਼ਾਰਮ ਵਿਚ ਹਨ । ਖਿਡਾਰੀਆਂ ਨੂੰ 15 ਦਿਨ ਦਾ ਸਮਾਂ ਮਿਲਿਆ ਹੈ, ਜਿਸ ਦਾ ਨਿਸ਼ਚਤ ਰੂਪ ਵਿਚ ਸਾਨੂੰ ਫ਼ਾਇਦਾ ਮਿਲੇਗਾ । ਧੋਨੀ ਤੋਂ ਇਲਾਵਾ ਵੀਰੇਂਦਰ ਸਹਿਵਾਗ, ਯੁਵਰਾਜ ਸਿੰਘ, ਵਿਰਾਟ ਕੋਹਲੀ, ਇਰਫ਼ਾਨ ਪਠਾਨ, ਰੋਹੀਤ ਸ਼ਰਮਾ, ਅੰਜਿਕਿਆ ਰਹਾਣੇ ਅਤੇ ਭਾਰਤੀ ਟੀਮ ਦੇ ਹੋਰ ਮੈਂਬਰਾਂ ਨੇ ਨਵੀਂ ਵਰਦੀ ਪਹਿਨਕੇ ਵਿਖਾਈ । ਲੰਮੇਂ ਸਮੇਂ ਬਾਅਦ ਯੁਵਰਾਜ ਸਿੰਘ ਦੀ ਵਾਪਸੀ ਬਾਰੇ ਧੌਨੀ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਡਰੈਸਿੰਗ ਰੂਮ ਦਾ ਮਾਹੌਲ ਹੋਰ ਵੀ ਜੀਵੰਤ ਹੋ ਜਾਵੇਗਾ । ਯੁਵੀ ਦੇ ਆਉਣ ਨਾਲ ਮੈਂ ਬਿਹਤਰ ਮਹਿਸੂਸ ਕਰ ਰਿਹਾ ਹਾਂ । ਭਾਰਤ ਨੇ ਨਿੳਜ਼ੀਲੈਂਡ ਵਿਰੁਧ 23 ਅਗੱਸਤ ਨੂੰ ਹੈਦਰਾਬਾਦ ਵਿਚ ਪਹਿਲਾ ਟੈਸਟ ਮੈਚ ਖੇਡਣਾ ਹੈ । ਦੂਜਾ ਟੈਸਟ ਬੇਂਗਲੂਰ ਵਿਚ ਖੇਡਿਆ ਜਾਵੇਗਾ, ਇਸ ਤੋਂ ਬਾਅਦ ਦੋ ਟੀ-20 ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ ਭਾਰਤੀ ਟੀਮ 18 ਸਤੰਬਰ ਤੋਂ ਸੱਤ ਅਕਤੂਬਰ ਤਕ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਵਿਚ ਖੇਡੇਗੀ । (ਏਜੰਸੀ)