ਵਾਸ਼ਿੰਗਟਨ, 17 ਅਗੱਸਤ : ਅਮਰੀਕਾ ਦੇ ਵਿਸਕਾਨਸਨ ਦੇ ਓਕ ਕ੍ਰੀਕ ਸਥਿਤ ਇਕ ਗੁਰਦਵਾਰੇ ਵਿਚ ਗੋਲੀਬਾਰੀ ਦੀ ਘਟਨਾ ਦੇ 12 ਦਿਨ ਬਾਅਦ ਇਸੇ ਰਾਜ ਵਿਚ ਲੁੱਟ-ਮਾਰ ਦੇ ਇਰਾਦੇ ਨਾਲ ਇਕ ਬਜ਼ੁਰਗ ਸਿੱਖ ਨੂੰ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਪੁਲਿਸ ਨੇ ਦਸਿਆ ਕਿ ਹਮਲਾਵਰ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ। ਮਾਰੇ ਗਏ ਸਿੱਖ ਦੀ ਪਛਾਣ 56 ਸਾਲਾ ਦਲਬੀਰ ਸਿੰਘ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਦਲਬੀਰ ਸਿੰਘ ਵਿਸਕਾਂਸਨ ਦੇ ਮਿਲਵਾਕੀ ਸ਼ਹਿਰ ਅਪਣੇ ਭਤੀਜੇ ਜਤਿੰਦਰ ਸਿੰਘ ਦੀ ਕਰਿਆਨੇ ਦੀ ਦੁਕਾਨ ਚਲਾਉਣ ਵਿਚ ਮਦਦ ਕਰਦਾ ਸੀ। ਇਕ ਹੋਰ ਸਿੱਖ ਦੇ ਮਾਰੇ ਜਾਣ ਬਾਅਦ ਵਿਸਕਾਂਸਨ ਵਿਖੇ ਸਿੱਖਾਂ ਵਿਚ ਫਿਰ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕ ਦਲਬੀਰ ਸਿੰਘ ਦੇ ਪਰਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਨਾਲ ਹੀ ਸ. ਬਾਦਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਕਿ ਘਿਨਾਉਣੀ ਹਿੰਸਾ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਘੱਟ ਗਿਣਤੀ ਭਾਈਚਾਰਾ ਖਾਸ ਤੌਰ ’ਤੇ ਸਿੱਖਾਂ ਦੀ
ਸੁਰੱਖਿਆ ਤੇ ਸਲਾਮਤੀ ਨੂੰ ਯਕੀਨੀ ਬਣਾਉਣ ਲਈ ਉਹ ਇਹ ਮਾਮਲਾ ਅਮਰੀਕੀ ਪ੍ਰਸ਼ਾਸ਼ਨ ਕੋਲ ਉਠਾਉਣ। ਬੇਸ਼ੱਕ ਪੁਲਿਸ ਨੇ ਇਸ ਨੂੰ ਲੁੱਟ-ਮਾਰ ਦੀ ਘਟਨਾ ਦਸਿਆ ਹੈ ਅਤੇ 5 ਅਗੱਸਤ ਦੇ ਗੋਲੀ ਕਾਂਡ ਨਾਲ ਇਸ ਦਾ ਕਿਸੇ ਤਰ੍ਹਾਂ ਦਾ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਇਹ ਘਟਨਾ ਬੁੱਧਵਾਰ ਉਸ ਸਮੇਂ ਵਾਪਰੀ ਜਦੋਂ ਕੁੱਝ ਅਣਪਛਾਤੇ ਲੋਕ ਦੁਕਾਨ ਦੇ ਅੰਦਰ ਦਾਖ਼ਲ ਹੋ ਗਏ ਅਤੇ ਜਤਿੰਦਰ ਸਿੰਘ ਦੇ ਸਿਰ ’ਤੇ ਬੰਦੂਕ ਰੱਖ ਦਿਤੀ ਅਤੇ ਉੁਨ੍ਹਾਂ ਦੋਵਾਂ ਨੂੰ ਦੁਕਾਨ ਦੇ ਪਿਛਲੇ ਹਿਸੇ ਵਿਚ ਲਿਜਾ ਕੇ ਦਰਵਾਜ਼ਾ ਬੰਦ ਕਰ ਦਿਤਾ ਗਿਆ। ਇਸ ਦੌਰਾਨ ਇਕ ਵਿਅਕਤੀ ਨੇ ਦਰਵਾਜ਼ੇ ’ਤੇ ਗੋਲੀ ਚਲਾ ਦਿਤੀ, ਜਿਸ ਨਾਲ ਉਸ ਦੇ ਚਾਚੇ ਦੀ ਮੌਤ ਹੋ ਗਈ। ਦਲਬੀਰ ਸਿੰਘ ਰੋਜ਼ਾਨਾ ਓਕ ਕ੍ਰੀਕ ਗੁਰਦਵਾਰਾ ਸਾਹਿਬ ਜਾਂਦੇ ਸਨ ਪਰ ਜਿਸ ਦਿਨ 5 ਅਗੱਸਤ ਨੂੰ ਗੋਲੀ ਕਾਂਡ ਵਾਪਰਿਆ, ਉਸ ਦਿਨ ਉਹ ਉਥੇ ਨਹੀਂ ਗਏ ਸਨ। (ਪੀ.ਟੀ.ਆਈ.)