ਚੰਡੀਗੜ੍ਹ, 17 ਅਗੱਸਤ (ਗੁਰਪ੍ਰੀਤ ਸਿੰਘ ਮਹਿਕ): ਪੰਜਾਬ ਯੂਨੀਵਰਸਟੀ, ਚੰਡੀਗੜ੍ਹ ਵਲੋਂ ਐਮ.ਫਿਲ. ਵਿਚ ਦਾਖ਼ਲਾ ਲੈਣ ਲਈ ਪੰਜਾਬੀ ਭਾਸ਼ਾ ਵਿਚ ਦਿਤੇ ਪੇਪਰ ਨੂੰ ਰੱਦ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਸਿਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਇਸ ਮਾਮਲੇ ਵਿਚ ਯੂਨੀਵਰਸਟੀ ਦੇ ਕੁਲਪਤੀ ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਡਾ. ਹਾਮਿਦ ਅਨਸਾਰੀ ਦਾ ਦਖ਼ਲ ਮੰਗਿਆ ਹੈ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿਚ ਸ. ਮਲੂਕਾ ਨੇ ਕਿਹਾ ਕਿ ਇਹ ਪੰਜਾਬ ਤੇ ਪੰਜਾਬੀ ਭਾਸ਼ਾ ਲਈ ਬਹੁਤ ਹੀ ਖ਼ਤਰਨਾਕ ਫ਼ੈਸਲਾ ਹੈ। ਉੁਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ 60 ਫ਼ੀ ਸਦੀ ਵਿੱਤੀ ਸਹਾਇਤਾ ਨਾਲ ਚਲ ਰਹੀ ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਨੂੰ ਅਣਗੌਲਿਆ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਟੀ ਉਤੇ ਪੰਜਾਬ ਦਾ ਪੂਰਾ ਹੱਕ ਹੈ ਅਤੇ ਪੰਜਾਬ ਅਤੇ ਪੰਜਾਬੀ ਭਾਸ਼ਾ ਦੇ ਹਿਤਾਂ ਦੀ ਰਾਖੀ ਕਰਨਾ ਯੂਨੀਵਰਸਟੀ ਪ੍ਰਸ਼ਾਸਨ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ ਦੀ ਸੱਭ ਤੋਂ ਉਚ ਪ੍ਰਸ਼ਾਸਕੀ ਪ੍ਰੀਖਿਆ ਪੰਜਾਬੀ ਮਾਧਿਅਮ ਵਿਚ ਦੇਣ ਦੀ ਆਗਿਆ ਹੈ ਅਤੇ ਦੂਸਰੇ ਪਾਸੇ ਪੰਜਾਬ ਦੀ ਰਾਜਧਾਨੀ ਵਿਚ ਹੀ ਪੰਜਾਬੀ ਵਿਦਿਆਰਥੀਆਂ ਨੂੰ ਅਪਣੀ ਮਾਤ ਭਾਸ਼ਾ ’ਚ ਪੇਪਰ ਨਹੀਂ ਦੇਣ ਦਿਤੇ ਜਾ ਰਹੇ। ਸਿਖਿਆ ਮੰਤਰੀ ਨੇ ਇਸ ਮਾਮਲੇ ਵਿਚ ਯੂਨੀਵਰਸਟੀ ਦੇ ਕੁਲਪਤੀ ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਡਾ. ਹਾਮਿਦ ਅਨਸਾਰੀ ਨੂੰ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ, ਪੰਜਾਬੀ ਭਾਸ਼ਾ ਨਾਲ ਹੁੰਦੇ ਵਿਤਕਰੇ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਯੂਨੀਵਰਸਟੀ ਨੂੰ ਇਹ ਫ਼ੈਸਲਾ ਹਰ ਹਾਲ ਵਿਚ ਵਾਪਸ ਲੈਣਾ ਪਵੇਗਾ। ਉਨ੍ਹਾਂ ਕਿਹਾ ਕਿ ਯੂਨੀਵਰਸਟੀ ਦੇ ਵਿਦਿਆਰਥੀਆਂ ਨੂੰ ਇਹ ਪੂਰਾ ਹੱਕ ਹੈ ਕਿ ਉਹ ਦਾਖ਼ਲੇ ਲਈ ਪ੍ਰੀਖਿਆ ਅਪਣੀ ਮਾਤਾ ਭਾਸ਼ਾ ਪੰਜਾਬੀ ਵਿਚ ਦੇਣ। ਸ. ਮਲੂਕਾ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਦਾ ਵਫ਼ਦ ਪ੍ਰਧਾਨ ਮੰਤਰੀ ਨੂੰ ਜਲਦ ਮਿਲੇਗਾ ਅਤੇ ਇਹ ਮਸਲਾ ਹੱਲ ਕਰਵਾਏਗਾ।