ਨਵੀਂ ਦਿੱਲੀ, 14 ਅਗੱਸਤ : ਮੁੰਬਈ ’ਚ ਸਨਿੱਚਰਵਾਰ ਨੂੰ ਪੁਲਿਸ ਅਤੇ ਮੀਡੀਆ ’ਤੇ ਹਮਲਾ ਕਰਨ ਵਾਲੇ ਦੰਗਈਆਂ ਨੂੰ ਲੈ ਕੇ ਲੋਕ ਸਭਾ ਵਿਚ ਅੱਜ ਲਗਾਤਾਰ ਦੂਜੇ ਦਿਨ ਵੀ ਹੰਗਾਮਾ ਹੋਇਆ ਅਤੇ ਵਿਰੋਧੀ ਅਤੇ ਸੱਤਾਧਾਰੀ ਧਿਰ ਦੋਹਾਂ ਨੇ ਦੰਗਾਕਾਰੀਆਂ ਨੂੰ ਫੜਨ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਇਸ ਬਾਰੇ ਸਦਨ ਵਿਚ ਬਿਆਨ ਦੇਣ ਦੀ ਮੰਗ ਕੀਤੀ। ਇਸ ਮੁੱਦੇ ’ਤੇ ਹੰਗਾਮੇ ਦੇ ਚਲਦਿਆਂ ਇਕ ਵਾਰ ਸਦਨ ਨੂੰ ਰੋਕਣ ਪਿੱਛੋਂ ਦੁਬਾਰਾ ਸ਼ੁਰੂ ਹੋਣ ’ਤੇ ਸ਼ਿਵ ਸੈਨਾ ਦੇ ਅਨੰਤ ਗੀਤੇ ਨੇ ਸਿਫ਼ਰ ਕਾਲ ਦੌਰਾਨ ਇਹ ਮਾਮਲਾ ਉਠਾਉਂਦਿਆਂ ਕਿਹਾ ਕਿ ਆਸਾਮ ਦੇ ਕੋਕਰਾਝਾਰ ਅਤੇ ਮਿਆਂਮਾਰ ’ਚ ਮੁਸਲਮਾਨਾਂ ਨਾਲ ਹੋਈਆਂ ਘਟਨਾਵਾਂ ਦੇ ਵਿਰੋਧ ਵਿਚ ਰਜ਼ਾ ਅਕਾਦਮੀ ਅਤੇ ਕੁੱਝ ਹੋਰ ਮੁਸਲਿਮ ਸੰਗਠਨਾਂ ਨੇ ਮੁੰਬਈ ਵਿਚ ਸਨਿੱਚਰਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ ਸੀ ਪਰ ਇਸ ਵਿਚ ਮੀਡੀਆ ਅਤੇ ਪੁਲਿਸ ਨੂੰ ਖ਼ਾਸ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਹਮਲੇ ਵਿਚ ਬਹੁਤ ਸਾਰੇ ਪੁਲਿਸ ਵਾਹਨਾਂ ਸਮੇਤ ਮੀਡੀਆ ਦੀਆਂ ਓ.ਬੀ. ਵੈਨਾਂ ਵੀ ਸਾੜੀਆਂ ਗਈਆਂ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਦਾ ਪਤਾ ਇਸ ਗੱਲ ਤੋਂ ਵੀ ਚਲਦਾ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਘਟਨਾ ਵਿਚ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਦਾ ਸ਼ੰਕਾ ਜਤਾਈ ਸੀ ਜਦਕਿ ਪੁਲਿਸ ਦਾ ਕਹਿਣਾ ਹੈ ਕਿ ਇਸ ’ਚ ਅੰਡਰਵਰਲਡ ਦਾ ਹੱਥ ਹੋ ਸਕਦਾ ਹੈ। ਕਾਂਗਰਸ ਦੇ ਸੰਜੇ ਨਿਰੂਪਮ ਨੇ ਸਨਿੱਚਰਵਾਰ ਨੂੰ ਵਾਪਰੀ ਘਟਨਾ ਨੂੰ ਸ਼ਰਮਨਾਕ ਹੋਣ ਦੇ ਨਾਲ-ਨਾਲ ਦਰਦਨਾਕ ਦਸਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਇਸ ਮਾਮਲੇ ’ਤੇ ਬਿਆਨ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਹਿੰਦੂਆਂ ਨਾਲ ਅਤਿਆਚਾਰ ਅਤੇ ਅਮਰੀਕਾ ’ਚ ਸਿੱਖਾਂ ਨਾਲ ਦੁਰਵਿਹਾਰ ਵਿਰੁਧ ਵੀ ਅਸੀਂ ਅਪਣਾ ਇਤਰਾਜ਼ ਪ੍ਰਗਟ ਕਰਦੇ ਹਾਂ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਉਹ ਮੈਂਬਰਾਂ ਦੀਆਂ ਭਾਵਨਾਵਾਂ ਤੋਂ ਗ੍ਰਹਿ ਮੰਤਰੀ ਨੂੰ ਜਾਣੂ ਕਰਵਾ ਦੇਣਗੇ ਅਤੇ ਉਹ ਕੁੱਝ ਹੀ ਦਿਨਾਂ ਪਿੱਛੋਂ ਸਦਨ ’ਚ ਬਿਆਨ ਦੇਣਗੇ। (ਏਜੰਸੀ)