ਨਵੀਂ ਦਿੱਲੀ, 14 ਅਗੱਸਤ (ਸੁਖਰਾਜ ਸਿੰਘ) : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਧੀਨ ਗੁਰੂ ਤੇਗ਼ ਬਹਾਦੁਰ ਇੰਸਟੀਚਿਊਟ ਆਫ਼ ਤਕਨਾਲੌਜੀ ਰਾਜੌਰੀ ਗਾਰਡਨ ਦੀ ਮਾਨਤਾ ਦੇ ਭੰਬਲਭੂਸੇ ਤੋਂ ਬਾਅਦ ਹੁਣ ਵਸੰਤ ਵਿਹਾਰ ਵਿਖੇ ਚੱਲ ਰਹੇ ਗੁਰੂ ਤੇਗ਼ ਬਹਾਦੁਰ ਪੋਲੀਟੈਕਨਿਕ ਇੰਸਟੀਚਿਊਟ ਦੀ ਮਾਨਤਾ ਰੱਦ ਹੋਣ ਦੇ ਸਨਸਨੀਖੇਜ ਮਾਮਲੇ ਦਾ ਖੁਲਾਸਾ ਕਰਦੇ ਹੋਏ ਦਿੱਲੀ ਗੁਰਦਵਾਰਾ ਚੋਣਾਂ ਮਾਮਲੇ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਪ੍ਰੈਸ ਨੂੰ ਦਸਿਆ ਹੈ ਕਿ ਅਜ ਦਿੱਲੀ ਹਾਈ ਕੋਰਟ ਦੇ ਜਸਟਿਸ ਜੀ. ਐਸ. ਸਿਸਤਾਨੀ ਨੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦਲੀਲਾਂ ਸੁਣਨ ਤੋਂ ਉਪਰੰਤ ਏ. ਆਈ. ਸੀ. ਟੀ. ਈ. ਵਲੋਂ ਇਸ ਪੋਲੀਟੈਕਨਿਕ ਨੂੰ ਇਸ ਸਾਲ ਦੇ ਦਾਖ਼ਲੇ ਲਈ ਰੱਦ ਕੀਤੀਆਂ ਸੀਟਾਂ ਨੂੰ ਬਹਾਲ ਕਰਨ ਸਬੰਧੀ ਅਰਜ਼ੀ ਖਾਰਜ ਕਰ ਦਿਤੀ ਹੈ ਅਤੇ ਵਿਰੋਧੀ ਧਿਰਾਂ ਨੂੰ 7 ਨਵੰਬਰ ਲਈ ਨੋਟਿਸ ਜਾਰੀ ਕੀਤੇ ਹਨ। ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਏ. ਆਈ. ਸੀ. ਟੀ. ਈ. ਨੇ ਅਪਣੇ 11 ਜੂਨ 2012 ਦੇ ਪੱਤਰ ਰਾਹੀ ਇਸ ਪੋਲੀਟੈਕਨਿਕ ’ਚ ਨਿਯਮਾਂ ਮੁਤਾਬਕ ਅਧਿਆਪਕਾਂ ਦੀ ਘਾਟ ਦੇ ਕਾਰਣ ਦਾਖ਼ਲੇ ਲਈ ਸੀਟਾਂ ਦੇਣ ਤੋਂ ਇਨਕਾਰ ਕਰ ਦਿਤਾ ਸੀ, ਜਿਸ ਦੇ ਵਿਰੁਧ ਦਿੱਲੀ ਗੁਰਦਵਾਰਾ ਕਮੇਟੀ ਨੇ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਸੀ। ਇਸ ਪਟੀਸ਼ਨ ਦੀ ਬੀਤੀ 27 ਜੁਲਾਈ ਦੀ ਸੁਣਵਾਈ ਦੌਰਾਨ ਦਿੱਲੀ ਕਮੇਟੀ ਵਲੋਂ ਇਹ ਪਟੀਸ਼ਨ ਵਾਪਸ ਲੈ ਲਈ ਗਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਲੋੜ੍ਹੀਂਦੀਆਂ ਖਾਮੀਆਂ ਦੂਰ ਕਰਣ ਤੋਂ ਉਪਰੰਤ ਰੱਦ ਸੀਟਾਂ ਦੀ ਮੁੜ੍ਹ ਬਹਾਲੀ ਲਈ ਨਿਯਮਾਂ ਮੁਤਾਬਕ ਨਵੀ ਅਰਜ਼ੀ ਦਾਖ਼ਲ ਕੀਤੀ ਜਾਵੇਗੀ।